ਨਵੀਂ ਦਿੱਲੀ: ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕੇਂਦਰ ਸਰਕਾਰ ’ਤੇ ਵੱਡੇ ਸਵਾਲ ਖੜੇ ਕਰਦੇ ਕਿਹਾ ਕਿ ਮੋਦੀ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਪਾਕਿਸਤਾਨ ਅਤੇ ਚੀਨ ਦੋਵਾਂ ਦੇਸ਼ਾਂ ਨਾਲ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਦੇਸ਼ ਵਾਸੀ ਨੂੰ ਉਮੀਦ ਸੀ ਕਿ ਰੱਖਿਆ ਬਜਟ ’ਚ ਵਾਧਾ ਹੋਵੇਗਾ, ਪਰ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਰੱਖਿਆ ਬਜਟ ਵਿੱਚ ਬਹੁਤ ਘੱਟ ਵਾਧਾ ਕੀਤਾ ਹੈ।
‘ਭਾਰਤ ਦੋ ਦੇਸ਼ਾਂ ਨਾਲ ਯੁੱਧ ਦੀ ਸਥਿਤੀ ਦਾ ਕਰ ਰਿਹਾ ਸਾਹਮਣਾ’
ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਨਾ ਦੇਣ ਲਈ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲੀ ਵਾਰ ਭਾਰਤ 2 ਦੇਸ਼ਾਂ ਨਾਲ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਤਾਂ ਹੈ ਹੀ ਹੁਣ ਚੀਨ ਵੀ ਪੂਰਬੀ ਲੱਦਾਖ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਸਰਹੱਦ ਨਾਲ ਲੱਗਦੀ ਭਾਰਤ-ਚੀਨ ਸਰਹੱਦ ਦੇ ਨਾਲ ਬੁਨਿਆਦੀ ਫੌਜ ਅਸੈਂਬਲੀਆਂ ਬਣਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਵੱਲੋਂ ਸਰਹੱਦ ’ਤੇ ਤਾਜ਼ਾ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੋਦੀ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਨਹੀਂ ਦੇ ਰਹੀ ਹੈ। ਐਂਟਨੀ ਨੇ ਕਿਹਾ ਕਿ ਪੂਰੀ ਭਾਰਤ-ਚੀਨ ਸਰਹੱਦ ‘ਤੇ 24 ਘੰਟੇ ਧਿਆਨ ਦੇਣਾ ਜ਼ਰੂਰੀ ਹੈ। ਸਾਡੀ ਹਥਿਆਰਬੰਦ ਫੌਜਾਂ ਤਿਆਰ ਹਨ, ਪਰ ਉਨ੍ਹਾਂ ਨੂੰ ਦੇਸ਼ ਅਤੇ ਸਰਕਾਰ ਦੇ ਸਮਰਥਨ ਦੀ ਜ਼ਰੂਰਤ ਹੈ। ਐਂਟਨੀ ਨੇ ਕਿਹਾ ਕਿ ਚੀਨ ਫੌਜ ਦਾ ਆਧੁਨਿਕੀਕਰਨ ਕਰ ਰਿਹਾ ਹੈ, ਪਰ ਸਾਡੇ ਦੇਸ਼ ’ਚ ਕੁਝ ਨਹੀਂ ਕੀਤਾ ਜਾ ਰਿਹਾ।