ਚੰਡੀਗੜ੍ਹ:ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਆਬਾਦੀ ਅਤੇ ਬੇਰੁਜ਼ਗਾਰੀ ਵੱਡੀਆਂ ਚੁਣੌਤੀਆਂ ਹਨ। ਬੇਰੁਜ਼ਗਾਰੀ ਦੀ ਦਰ ਦੇਸ਼ ਦੀ ਆਰਥਿਕ ਸਥਿਤੀ ਨੂੰ ਬਿਆਨ ਕਰਦੀ ਹੈ। ਚੰਗੀ ਖ਼ਬਰ ਇਹ ਹੈ ਕਿ ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਪੀਰੀਓਡਿਕ ਲੇਬਰ ਫੋਰਸ ਸਰਵੇਖਣ ਦੇ ਅਨੁਸਾਰ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਕਮੀ ਆਈ ਹੈ। ਸਰਵੇ ਅਨੁਸਾਰ ਸਾਲ 2022-23 ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਗ੍ਰੈਜੂਏਟਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਕਮੀ ਆਈ ਹੈ। ਸਰਵੇਖਣ ਮੁਤਾਬਕ ਪਿਛਲੇ ਸਾਲ ਬੇਰੁਜ਼ਗਾਰੀ ਦਰ 14.9 ਫੀਸਦੀ ਸੀ ਜੋ ਹੁਣ ਘਟ ਕੇ 13.4 ਫੀਸਦੀ ਰਹਿ ਗਈ ਹੈ।
ਚੰਡੀਗੜ੍ਹ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ:15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ 5.6% ਹੈ। ਵੱਡੇ ਰਾਜਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਵਿੱਚ ਬੇਰੋਜ਼ਗਾਰੀ ਦਰ 23.1 ਫੀਸਦੀ ਅਤੇ ਉੜੀਸਾ ਵਿੱਚ 21.9 ਫੀਸਦੀ ਹੈ। ਅੰਡੇਮਾਨ ਅਤੇ ਨਿਕੋਬਾਰ ਵਿੱਚ ਸਭ ਤੋਂ ਵੱਧ 33% ਬੇਰੁਜ਼ਗਾਰੀ ਦਰ ਹੈ। ਇਸ ਤੋਂ ਬਾਅਦ ਲੱਦਾਖ 'ਚ ਇਹ ਦਰ 26.5 ਫੀਸਦੀ ਅਤੇ ਆਂਧਰਾ ਪ੍ਰਦੇਸ਼ 'ਚ 24 ਫੀਸਦੀ ਰਹੀ। ਇਹ ਅੰਕੜਾ ਜੁਲਾਈ 2022 ਤੋਂ ਜੂਨ 2023 ਤੱਕ ਕੀਤੇ ਗਏ ਸਰਵੇਖਣ 'ਤੇ ਆਧਾਰਿਤ ਹੈ।