ਨਵੀਂ ਦਿੱਲੀ: ਸੰਸਦ 'ਚ ਯੂਕਰੇਨ ਸੰਕਟ 'ਤੇ ਚਰਚਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਕਿਹਾ ਕਿ ਉਹ ਰੂਸ ਅਤੇ ਯੂਕਰੇਨ ਵਿਚਾਲੇ ਟਕਰਾਅ ਦੇ ਸਬੰਧ 'ਚ ਕਿਸੇ ਵੀ ਤਰ੍ਹਾਂ ਦੇ ਸਿਆਸੀਕਰਨ ਦੇ ਪੱਖ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਚਾਰ ਨੁਕਤੇ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਭਾਰਤ ਦੀ ਰਾਸ਼ਟਰੀ ਰਣਨੀਤੀ ਕੀ ਹੋਣੀ ਚਾਹੀਦੀ ਹੈ। "ਭਾਰਤ ਦਾ ਸਟੈਂਡ ਰਾਸ਼ਟਰੀ ਵਿਸ਼ਵਾਸਾਂ ਅਤੇ ਕਦਰਾਂ-ਕੀਮਤਾਂ, ਰਾਸ਼ਟਰੀ ਹਿੱਤਾਂ ਅਤੇ ਰਾਸ਼ਟਰੀ ਰਣਨੀਤੀ ਦੁਆਰਾ ਸੇਧਿਤ ਹੈ। ਸਾਡਾ ਮੰਨਣਾ ਹੈ ਕਿ ਹਿੰਸਾ ਅਤੇ ਨਿਰਦੋਸ਼ ਜਾਨਾਂ ਦੀ ਕੀਮਤ 'ਤੇ ਕੋਈ ਹੱਲ ਨਹੀਂ ਨਿਕਲ ਸਕਦਾ। ਸੰਵਾਦ ਅਤੇ ਕੂਟਨੀਤੀ ਹੀ ਇੱਕੋ ਇੱਕ ਹੱਲ ਹੈ।
ਵਿਦੇਸ਼ ਮੰਤਰੀ ਨੇ ਦੱਸਿਆ ਕਿ ਰੂਸ ਦੇ ਵਿਦੇਸ਼ ਮੰਤਰੀ ਲਾਵਾਰੋਵ ਦੇ ਭਾਰਤ ਦੌਰੇ ਦੌਰਾਨ ਪੀਐਮ ਮੋਦੀ ਨੇ ਭਾਰਤ ਨੂੰ ਆਪਣੇ ਸਟੈਂਡ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਸੰਘਰਸ਼ ਦੇ ਖਿਲਾਫ ਹੈ ਅਤੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੇ ਪੱਖ 'ਚ ਹੈ ਅਤੇ ਜੇਕਰ ਕਿਸੇ ਪੱਖ ਨੇ ਇਸ ਮੁੱਦੇ 'ਤੇ ਚੋਣ ਕੀਤੀ ਹੈ ਤਾਂ ਉਹ ਸ਼ਾਂਤੀ ਦਾ ਪੱਖ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਆਲਮੀ ਹਾਲਾਤਾਂ ਵਿੱਚ ਸਾਡਾ ਮੰਨਣਾ ਹੈ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸਾਰਿਆਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ।
ਤੇਲ ਦੀਆਂ ਕੀਮਤਾਂ ਚਿੰਤਾਜਨਕ, ਬਦਲ ਲੱਭ ਰਹੀ ਹੈ ਸਰਕਾਰ:ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਭਾਰਤ ਤੋਂ ਵਾਧੂ ਦਵਾਈਆਂ ਲਈ ਮਦਦ ਮੰਗੀ ਹੈ, ਭਾਰਤ ਜਲਦੀ ਹੀ ਦਵਾਈਆਂ ਭੇਜੇਗਾ। ਉਨ੍ਹਾਂ ਕਿਹਾ ਕਿ ਯੂਕਰੇਨ-ਰੂਸ ਸੰਘਰਸ਼ ਦਾ ਭਾਰਤ ਦੀ ਅਰਥਵਿਵਸਥਾ 'ਤੇ ਘੱਟ ਤੋਂ ਘੱਟ ਪ੍ਰਭਾਵ ਪਾਉਣ ਲਈ ਇਸ ਦਿਸ਼ਾ 'ਚ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਬਾਸਮਤੀ ਚਾਵਲ, ਖੰਡ ਅਤੇ ਕਣਕ ਦੀ ਬਰਾਮਦ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਦਵਾਈਆਂ ਦੀ ਬਰਾਮਦ ਵੀ ਉਤਸ਼ਾਹਜਨਕ ਹੈ। ਉਨ੍ਹਾਂ ਕਿਹਾ ਕਿ ਭਾਰਤ ਅਨਾਜ ਅਤੇ ਹੋਰ ਵਸਤਾਂ ਦੀ ਵਿਸ਼ਵ ਮੰਗ ਦੇ ਸਬੰਧ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਖਾਣ ਵਾਲੇ ਤੇਲ ਦਾ ਬਦਲ ਲੱਭ ਰਿਹਾ ਹੈ। ਸਰਕਾਰ ਲਗਾਤਾਰ ਗਲੋਬਲ ਬਾਜ਼ਾਰ 'ਚ ਉਪਲਬਧ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। ਵਿਦੇਸ਼ ਮੰਤਰੀ ਮੁਤਾਬਕ ਯੂਕਰੇਨ ਦੀ ਸਥਿਤੀ ਦਾ ਭਾਰਤ ਤੋਂ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ ਦੀ ਅਰਥਵਿਵਸਥਾ 'ਤੇ ਵੀ ਅਸਰ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਖੁਦ ਸੰਭਾਲੀ ਕਮਾਨ: ਵਿਦੇਸ਼ ਮੰਤਰੀ ਨੇ ਚਰਚਾ ਵਿਚ ਕੁਝ ਵਿਰੋਧੀ ਮੈਂਬਰਾਂ ਦੀਆਂ ਟਿੱਪਣੀਆਂ ਦੇ ਅਸਿੱਧੇ ਹਵਾਲੇ ਨਾਲ ਇਹ ਵੀ ਕਿਹਾ ਕਿ ਯੂਕਰੇਨ ਦੀ ਸਥਿਤੀ ਬਾਰੇ ਭਾਰਤ ਦੇ ਕਦਮਾਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਮੰਦਭਾਗੀ ਹੈ। ਵਿਦੇਸ਼ ਮੰਤਰੀ ਨੇ ਕਿਹਾ, 'ਅਸੀਂ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀ ਪੱਧਰ ਤੋਂ ਲੈ ਕੇ ਹਰ ਪੱਧਰ 'ਤੇ ਗੱਲਬਾਤ ਕੀਤੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੌਰੇ 'ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਸਾਡਾ ਸੰਦੇਸ਼ ਸੀ ਕਿ ਭਾਰਤ ਸ਼ਾਂਤੀ ਲਈ ਜੋ ਵੀ ਮਦਦ ਦੇ ਸਕਦਾ ਹੈ, ਉਸ ਲਈ ਤਿਆਰ ਹੈ।