ਜੈਪੁਰ। ਉਦੈਪੁਰ ਵਿੱਚ ਕਨ੍ਹਈਆਲਾਲ ਦੇ ਘਿਨਾਉਣੇ ਕਤਲ ਨੂੰ ਅੰਜ਼ਾਮ ਦੇਣ ਵਾਲੇ ਦਾਵਤ-ਏ-ਇਸਲਾਮੀ ਸੰਗਠਨ ਨਾਲ ਜੁੜੇ ਗ਼ੌਸ ਮੁਹੰਮਦ ਅਤੇ ਮੁਹੰਮਦ ਰਿਆਜ਼ ਅਟਾਰੀ ਵਾਂਗ ਰਾਜਸਥਾਨ ਵਿੱਚ 40 ਹੋਰਾਂ ਨੂੰ ਵੀ ਨੂਪੁਰ ਸ਼ਰਮਾ ਦਾ ਸਮਰਥਨ ਕਰਨ ਵਾਲਿਆਂ ਦਾ ਸਿਰ ਕਲਮ ਕਰਨ ਦਾ ਟੀਚਾ ਦਿੱਤਾ ਗਿਆ ਸੀ। ਇਹ ਤੱਥ ਐਨਆਈਏ ਅਤੇ ਰਾਜਸਥਾਨ ਪੁਲੀਸ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਅਤੇ ਮੁਲਜ਼ਮਾਂ ਦੇ ਮੋਬਾਈਲਾਂ ਅਤੇ ਵਟਸਐਪ ਗਰੁੱਪਾਂ ਦੀ ਕਾਲ ਡਿਟੇਲ ਤੋਂ ਸਾਹਮਣੇ ਆਏ ਹਨ।
ਫਿਲਹਾਲ ਮੋਬਾਇਲ ਨੰਬਰ ਦੇ ਆਧਾਰ 'ਤੇ NIA ਅਤੇ SIT ਨੇ 40 ਲੋਕਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਐਸਆਈਟੀ ਸੂਤਰਾਂ ਅਨੁਸਾਰ ਇਹ ਸਾਰੇ 40 ਲੋਕ ਰਾਜਸਥਾਨ ਦੇ 6 ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜੋ ਪਿਛਲੇ ਇਕ ਸਾਲ ਤੋਂ ਦਾਵਤ-ਏ-ਇਸਲਾਮੀ ਸੰਗਠਨ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਪਾਕਿਸਤਾਨ ਤੋਂ ਵਟਸਐਪ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਰਾਹੀਂ ਸਿਖਲਾਈ ਅਤੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ।
ਇਨ੍ਹਾਂ ਸਾਰੇ 40 ਲੋਕਾਂ ਨੂੰ ਪਾਕਿਸਤਾਨ ਵੱਲੋਂ ਹੀ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ ਪੋਸਟ ਕਰਨ ਵਾਲਿਆਂ ਦਾ ਸਿਰ ਕਲਮ ਕਰਨ ਅਤੇ ਇਸਦੀ ਵੀਡੀਓ ਵਾਇਰਲ ਕਰਨ ਦਾ ਟੀਚਾ ਦਿੱਤਾ ਗਿਆ ਸੀ। ਫਿਲਹਾਲ NIA ਅਤੇ SIT ਇਨ੍ਹਾਂ ਸਾਰੇ 40 ਲੋਕਾਂ ਨੂੰ ਟਰੇਸ ਕਰਨ ਲਈ ਇਕੱਠੇ ਹੋਏ ਹਨ। ਇਨ੍ਹਾਂ ਲੋਕਾਂ ਦੀ ਸ਼ਨਾਖਤ ਤੋਂ ਬਾਅਦ ਹੀ ਮਾਮਲੇ 'ਚ ਹੋਰ ਵੱਡੇ ਖੁਲਾਸੇ ਹੋ ਸਕਣਗੇ।