ਤਾਮਿਲਨਾਡੂ/ਤ੍ਰਿਚੀ:ਤਾਮਿਲਨਾਡੂ ਦੇ ਤ੍ਰਿਚੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਤਿਰੂਚੀ ਦੇ ਅਰਿਆਮੰਗਲਮ ਇਲਾਕੇ 'ਚ ਵਾਪਰਿਆ, ਜਿੱਥੇ 1972 'ਚ ਬਣੇ ਇਕ ਘਰ ਦੀ ਛੱਤ ਅਚਾਨਕ ਡਿੱਗ ਗਈ, ਜਿਸ ਨਾਲ ਪਰਿਵਾਰ ਦੇ ਚਾਰੇ ਮੈਂਬਰਾਂ ਦੀ ਮੌਤ ਹੋ ਗਈ।
ਕੀਜ਼ਾ ਅੰਬਿਕਾਪੁਰਮ ਗਾਂਧੀ ਸਟਰੀਟ 'ਤੇ ਰਹਿਣ ਵਾਲਾ ਇੱਕ ਆਟੋ ਚਾਲਕ ਮਾਰੀਮੁਥੂ ਆਪਣੀ ਛੋਟੀ ਭੈਣ ਦੇ ਪਤੀ ਦੀ ਮੌਤ ਤੋਂ ਬਾਅਦ ਇੱਕ ਸ਼ੋਕ ਸਮਾਗਮ ਲਈ ਚੇਨਈ ਗਿਆ ਸੀ। ਇਸ ਦੌਰਾਨ ਉਸ ਦੀ ਮਾਂ ਸ਼ਾਂਤੀ (70), ਪਤਨੀ ਵਿਜੇਲਕਸ਼ਮੀ (38) ਅਤੇ ਦੋ ਬੱਚੇ ਪ੍ਰਦੀਪ (12) ਅਤੇ ਹਰੀਨੀ (10) ਘਰ ਵਿਚ ਸਨ। 1 ਜਨਵਰੀ ਨੂੰ ਸਵੇਰੇ ਅਚਾਨਕ ਉਸ ਦੇ ਘਰ ਦੀ ਛੱਤ ਡਿੱਗ ਗਈ।
ਮਲਬੇ ਹੇਠਾਂ ਦੱਬੀ ਸ਼ਾਂਤੀ, ਵਿਜੇਲਕਸ਼ਮੀ, ਪ੍ਰਦੀਪ ਅਤੇ ਹਰੀਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੇਰ ਰਾਤ ਹੋਣ ਕਰਕੇ ਗੁਆਂਢੀਆਂ ਨੂੰ ਇਸ ਦਰਦਨਾਕ ਘਟਨਾ ਦਾ ਪਤਾ ਨਹੀਂ ਲੱਗਾ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਗੁਆਂਢੀ ਔਰਤ ਨੇ ਆਪਣੇ ਘਰ ਦੀ ਛੱਤ 'ਤੇ ਜਾ ਕੇ ਦੇਖਿਆ ਤਾਂ ਨਾਲ ਵਾਲੀ ਛੱਤ ਡਿੱਗੀ ਹੋਈ ਸੀ। ਘਟਨਾ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਆਰਿਆਮੰਗਲਮ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ।
ਮੌਕੇ 'ਤੇ ਪੁੱਜਣ ਤੋਂ ਬਾਅਦ ਪੁਲਿਸ ਨੇ ਤ੍ਰਿਚੀ ਫਾਇਰ ਵਿਭਾਗ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਮ੍ਰਿਤਕਾਂ ਦੀਆਂ ਲਾਸ਼ਾਂ ਮਲਬੇ ਤੋਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਪੋਸਟਮਾਰਟਮ ਲਈ ਤੁਰੰਤ ਤ੍ਰਿਚੀ ਦੇ ਸਰਕਾਰੀ ਹਸਪਤਾਲ ਪਹੁੰਚਾਈਆਂ ਗਈਆਂ ਹਨ। ਆਰਿਆਮੰਗਲਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਜੋ ਘਟਨਾ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ।