ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਅਤੇ ਅਨੰਤਨਾਗ ਜ਼ਿਲ੍ਹਿਆਂ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਦੋ ਵੱਖ-ਵੱਖ ਮੁਕਾਬਲਿਆਂ 'ਚ 4 ਅੱਤਵਾਦੀ ਮਾਰੇ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਕਿ ਮਾਰੇ ਗਏ ਅੱਤਵਾਦੀਆਂ 'ਚੋਂ ਇੱਕ ਕਥਿਤ ਤੌਰ 'ਤੇ ਪਿਛਲੇ ਮਹੀਨੇ ਇੱਕ ਮਹਿਲਾ ਅਧਿਆਪਕ ਦੀ ਹੱਤਿਆ 'ਚ ਸ਼ਾਮਲ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਮਿਸ਼ੀਪੋਰਾ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਚਲਾਈ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨਾਲ ਗੋਲੀਬਾਰੀ ਤੋਂ ਬਾਅਦ ਅੱਤਵਾਦੀ ਮਿਸ਼ੀਪੋਰਾ ਦੇ ਆਮ ਇਲਾਕੇ 'ਚ ਆਪਣਾ ਟਿਕਾਣਾ ਬਦਲਣ 'ਚ ਕਾਮਯਾਬ ਹੋ ਗਏ। ਹਾਲਾਂਕਿ, ਸੁਰੱਖਿਆ ਬਲਾਂ ਨੇ ਘੇਰਾਬੰਦੀ ਬਣਾਈ ਰੱਖੀ ਅਤੇ ਤਲਾਸ਼ੀ ਮੁਹਿੰਮ ਜਾਰੀ ਰੱਖੀ, ਜਿਸ ਦੇ ਨਤੀਜੇ ਵਜੋਂ ਵੀਰਵਾਰ ਨੂੰ ਫਿਰ ਗੋਲੀਬਾਰੀ ਹੋਈ, ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਕੁਲਗਾਮ ਦੇ ਮੋਹਨਪੋਰਾ ਦੇ ਜ਼ੁਬੈਰ ਸੋਫੀ ਵਜੋਂ ਹੋਈ ਹੈ।ਪੁਲਿਸ ਬੁਲਾਰੇ ਨੇ ਦੱਸਿਆ ਕਿ ਜ਼ੁਬੈਰ ਸੋਫੀ 31 ਮਈ ਨੂੰ ਮਹਿਲਾ ਅਧਿਆਪਕਾ ਰਜਨੀ ਬਾਲਾ ਦੀ ਹੱਤਿਆ ਵਿੱਚ ਸ਼ਾਮਲ ਸੀ। ਦੂਜੇ ਅੱਤਵਾਦੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦਾ ਆਪਰੇਸ਼ਨ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਗੁਆਂਢੀ ਅਨੰਤਨਾਗ ਜ਼ਿਲ੍ਹੇ ਦੇ ਹੰਗਲਗੁੰਡ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਇਕ ਹੋਰ ਮੁਕਾਬਲਾ ਹੋਇਆ।