ਭੁਵਨੇਸ਼ਵਰ: ਉਡੀਸਾ ਵਿੱਚ ਮਹਾਨਦੀ ਨਦੀ (Mahanadi River) ਪ੍ਰਣਾਲੀ ਵਿੱਚ ਹੜ੍ਹ (Odisha Flood) ਦੀ ਸਥਿਤੀ ਬੁੱਧਵਾਰ ਨੂੰ ਗੰਭੀਰ ਬਣੀ ਰਹੀ ਕਿਉਂਕਿ 10 ਜ਼ਿਲ੍ਹਿਆਂ ਵਿੱਚ ਦੋ ਲੱਖ ਤੋਂ ਵੱਧ ਲੋਕ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਟਕ ਦੇ ਮੁੰਡਾਲੀ ਬੈਰਾਜ 'ਚੋਂ ਕੁੱਲ 12,10,426 ਕਿਊਸਿਕ ਪਾਣੀ ਵਗ ਰਿਹਾ ਸੀ ਅਤੇ ਮਹਾਨਦੀ ਦਾ ਪਾਣੀ ਬੈਰਾਜ 'ਤੇ 97 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਮੁਕਾਬਲੇ 97.80 ਫੁੱਟ ਨੂੰ ਪਾਰ ਕਰ ਗਿਆ। ਘੱਟੋ-ਘੱਟ 5,92,000 ਕਿਊਸਿਕ ਦਾ ਪਾਣੀ ਨਾਰਜ ਬੈਰਾਜ ਰਾਹੀਂ ਕਾਠਜੋੜੀ ਨਦੀ ਵਿੱਚ ਛੱਡਿਆ ਜਾ ਰਿਹਾ ਹੈ ਅਤੇ ਬਾਕੀ ਪਾਣੀ ਮਹਾਨਦੀ ਰਾਹੀਂ ਵਹਿ ਰਿਹਾ ਹੈ। ਨਾਰਜ ਵਿਖੇ ਪਾਣੀ ਦਾ ਪੱਧਰ 26.55 ਮੀਟਰ ਦਰਜ ਕੀਤਾ ਗਿਆ ਹੈ।
ਸੰਬਲਪੁਰ ਜ਼ਿਲ੍ਹੇ ਦੇ ਹੀਰਾਕੁੜ ਡੈਮ (Hirakud Dam) ਤੋਂ ਜ਼ਿਆਦਾ ਪਾਣੀ ਛੱਡਣ ਤੋਂ ਬਾਅਦ ਖੋਰਧਾ ਜ਼ਿਲ੍ਹੇ ਦੀਆਂ 3 ਪੰਚਾਇਤਾਂ ਜਲ-ਥਲ ਹੋ ਗਈਆਂ ਹਨ। ਓਰਬਾਰਸਿੰਘ, ਨਰਾਇਣਗੜ੍ਹ ਅਤੇ ਬ੍ਰਜਮੋਹਨਪੁਰ ਪੰਚਾਇਤਾਂ ਦੇ ਕਰੀਬ 15 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਪੰਚਾਇਤਾਂ ਨਾਲ ਜੁੜਦੀਆਂ ਮੁੱਖ ਸੜਕਾਂ ’ਤੇ ਹੜ੍ਹਾਂ ਦਾ ਪਾਣੀ 4-5 ਫੁੱਟ ਤੱਕ ਵਹਿਣ ਕਾਰਨ ਪਿਛਲੇ ਦੋ ਦਿਨਾਂ ਤੋਂ ਪਿੰਡਾਂ ਦਾ ਬਾਹਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ ਹੈ।