ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) ਦੇ ਭਾਰਤ ਵਿੱਚ ਨਿਯੁਕਤ ਅੰਤਰਿਮ ਸ਼ਿਕਾਇਤ ਅਧਿਕਾਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਵੇਂ ਇਨਫਾਰਮੇਸ਼ਨ ਟੈਕਨੋਲੋਜੀ ਦੇ ਨਿਯਮਾਂ ਦੇ ਤਹਿਤ, ਭਾਰਤੀ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੀ ਪ੍ਰਕਿਰਿਆ ਲਈ ਪ੍ਰਮੁੱਖ ਸੋਸ਼ਲ ਮੀਡੀਆ ਕੰਪਨੀਆਂ ਵਿੱਚ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨਾ ਲਾਜ਼ਮੀ ਹੈ।
ਇੱਕ ਸੂਤਰ ਨੇ ਦੱਸਿਆ ਕਿ ਧਰਮਿੰਦਰ ਚਤੂਰ (Dharmendra Chatur) , ਜਿਨ੍ਹਾਂ ਨੂੰ ਹਾਲ ਹੀ 'ਚ ਟਵਿੱਟਰ ਵੱਲੋਂ ਭਾਰਤ 'ਚ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਚਤੂਰ ਦਾ ਨਾਂਅ ਹੁਣ ਸੋਸ਼ਲ ਮੀਡੀਆ ਕੰਪਨੀ ਦੀ ਵੈੱਬਸਾਈਟ 'ਤੇ ਨਜ਼ਰ ਨਹੀਂ ਆ ਰਿਹਾ ਹੈ। ਇਨਫਾਰਮੇਸ਼ਨ ਟੈਕਨੋਲੋਜੀ (ਇੰਟਰਮੀਡੀਅਰੀਜ਼ ਅਤੇ ਡਿਜੀਟਲ ਮੀਡੀਆ ਕੋਡ ਆਫ ਕੰਡਕਟ) ਦੇ ਨਿਯਮ 2021 ਦੇ ਤਹਿਤ ਫੋਰਮਾਂ ਨੂੰ ਉਕਤ ਅਧਿਕਾਰੀ ਦਾ ਨਾਮ ਅਤੇ ਸੰਪਰਕ ਪਤਾ ਆਪਣੀ ਵੈੱਬਸਾਈਟ 'ਤੇ ਦੇਣਾ ਲਾਜ਼ਮੀ ਹੈ।
ਟਵਿੱਟਰ ਨੇ ਘਟਨਾਵਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਚਤੂਰ ਨੇ ਅਜਿਹੇ ਸਮੇਂ ਅਸਤੀਫਾ ਦੇ ਦਿੱਤਾ ਹੈ ਜਦੋਂ ਸੋਸ਼ਲ ਮੀਡੀਆ ਦੇ ਨਵੇਂ ਨਿਯਮਾਂ ਬਾਰੇ ਮਾਈਕ੍ਰੋ-ਸੰਦੇਸ਼ਾਂ ਦੀ ਅਦਲਾ-ਬਦਲੀ ਦੀ ਸਾਈਟ ਸਰਕਾਰ ਦੇ ਨਿਸ਼ਾਨੇ ਹੇਠ ਹੈ। ਸਰਕਾਰ ਨੇ ਟਵਿਟਰ 'ਤੇ ਜਾਣਬੁੱਝ ਕੇ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ ਦੀ ਅਲੋਚਨਾ ਕੀਤੀ ਗਈ ਹੈ।