ਅਗਰਤਲਾ-ਤ੍ਰਿਪੁਰਾ:ਤ੍ਰਿਪੁਰਾ ਵਿਧਾਨ ਸਭਾ ਚੋਣਾਂ 2023 ਹੋਣ ਜਾ ਰਹੀਆਂ ਹਨ। ਇਸ ਵੇਲੇ ਚੋਣ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਭੱਖਿਆ ਹੋਇਆ ਹੈ। ਇਹਨਾਂ ਚੋਣਾਂ 'ਚ ਸੀਪੀਆਈ (ਐਮ) ਅਤੇ ਕਾਂਗਰਸ 60 ਮੈਂਬਰੀ ਤ੍ਰਿਪੁਰਾ ਵਿਧਾਨ ਸਭਾ ਲਈ ਸਾਂਝੇ ਤੌਰ 'ਤੇ ਚੋਣ ਲੜ ਰਹੇ ਹਨ ਪਰ ਕਾਂਗਰਸ ਦਾ ਕੋਈ ਵੀ ਚੋਟੀ ਦਾ ਨੇਤਾ ਚੋਣ ਰੈਲੀਆਂ ਜਾਂ ਰੋਡ ਸ਼ੋਅ ਵਿਚ ਨਜ਼ਰ ਨਹੀਂ ਆਇਆ। ਇਸ ਲਈ ਦੂਜੇ ਪਾਸੇ ਤ੍ਰਿਪੁਰਾ ਵਿੱਚ ਆਪਣੀ ਸੱਤਾ ਬਰਕਰਾਰ ਰੱਖਣ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਫੌਜ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦੱਸ ਦਈਏ ਕਿ ਤ੍ਰਿਪੁਰਾ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਚ ਸਿਰਫ ਦੋ ਦਿਨ ਬਚੇ ਹਨ ਪਰ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਕਿਸੇ ਵੀ ਚੋਣ ਰੈਲੀ 'ਚ ਨਜ਼ਰ ਨਹੀਂ ਆ ਰਹੇ ਹਨ। ਦੱਸ ਦਈਏ ਕਿ ਸੂਬੇ 'ਚ 16 ਫਰਵਰੀ ਨੂੰ ਵੋਟਿੰਗ ਹੈ।
ਭਾਜਪਾ ਆਗੂ ਕਰ ਰਹੇ ਚੋਣ ਪ੍ਰਚਾਰ:ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਸਮੇਤ ਭਾਜਪਾ ਦੇ ਸਟਾਰ ਪ੍ਰਚਾਰਕ ਤ੍ਰਿਪੁਰਾ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤ੍ਰਿਪੁਰਾ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਭਾਜਪਾ ਆਗੂ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਰੋਡ ਸ਼ੋਅ ਕਰ ਰਹੇ ਹਨ। ਸੂਬੇ ਵਿੱਚ ਪੂਰਨ ਬਹੁਮਤ ਨਾਲ ਸੱਤਾ ਬਰਕਰਾਰ ਰੱਖਣ ਲਈ ਘਰ-ਘਰ ਜਾ ਕੇ ਮੁਹਿੰਮ ਚਲਾਈ ਜਾ ਰਹੀ ਹੈ।
16 ਫਰਵਰੀ ਨੂੰ ਵੋਟਿੰਗ:ਕਾਂਗਰਸ ਸੀਪੀਆਈ (ਐਮ) ਨਾਲ ਗੱਠਜੋੜ ਕਰਕੇ 60 ਮੈਂਬਰੀ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲੜ ਰਹੀ ਹੈ। ਪਾਰਟੀ ਨੇ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਤ੍ਰਿਪੁਰਾ ਵਿੱਚ ਚੋਣ ਪ੍ਰਚਾਰ ਦੀ ਆਖ਼ਰੀ ਤਰੀਕ 14 ਫਰਵਰੀ ਹੈ। ਸੂਬੇ 'ਚ 16 ਫਰਵਰੀ ਨੂੰ ਵੋਟਾਂ ਪੈਣਗੀਆਂ।