ਸ੍ਰੀਨਗਰ : ਜੰਮੂ ਕਸ਼ਮੀਰ (JAMMU & Kashmir) ਘਾਟੀ ਵਿੱਚ ਮੰਗਲਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਸਿਲਸਿਲੇਵਾਰ ਦਰਦਨਾਕ ਘਟਨਾਵਾਂ ਵਿੱਚ ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਰੇ ਗਏ ਲੋਕਾਂ ਵਿੱਚ ਮੁੱਖ ਕਸ਼ਮੀਰੀ ਪੰਡਤ ਕੈਮਿਸਟ ਵਪਾਰੀ ਮੱਖਣ ਲਾਲ ਬਿੰਦਰੂ ਹੈ, ਜਿਨ੍ਹਾਂ ਨੂੰ ਇਕਬਾਲ ਪਾਰਕ ਇਲਾਕੇ ਦੇ ਨੇੜੇ ਗੋਲੀ ਮਾਰ ਦਿੱਤੀ ਗਈ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, " ਸ਼ਾਮ ਨੂੰ ਕਰੀਬ 7 ਵਜ ਕੇ 20 ਮਿੰਟ ਉੱਤੇ ਕੁੱਝ ਅਣਪਛਾਤੇ ਅੱਤਵਾਦੀਆਂ ਨੇ ਇਕਬਾਲ ਪਾਰਕ ਇਲਾਕੇ ਵਿੱਚ ਮਸ਼ਹੂਰ ਬਿੰਦਰੂ ਮੈਡੀਕੇਟ ਦੇ ਮਾਲਕ ਪੰਡਤ ਮੱਖਣ ਲਾਲ ਬਿੰਦਰੂ (famous chemist Makhan Lal Bindroo) ਨੂੰ ਗੋਲੀ ਮਾਰ ਦਿੱਤੀ। ਹਮਲੇ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਰਾਹ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਸ੍ਰੀਨਗਰ ਦੇ ਹਰਿ ਸਿੰਘ ਹਾਈ ਸਟ੍ਰੀਟ ਸਥਿਤ ਉਨ੍ਹਾਂ ਦੀ ਦੁਕਾਨ 'ਤੇ ਬਿੰਦਰੂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਹਾਦਸੇ ਮਗਰੋਂ ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ।
ਸ਼ਾਮ ਨੂੰ ਦੂਜੀ ਘਟਨਾ ਵਿੱਚ ਲਾਲ ਬਜ਼ਾਰ ਖੇਤਰ ਦੇ ਮਦੀਨਾ ਚੌਂਕ ਨੇੜੇ ਇੱਕ ਗੈਰ ਸਥਾਨਕ ਵਪਾਰੀ ਦੀ ਮੌਤ ਹੋ ਗਈ। " ਕਰੀਬ ਰਾਤ 8 ਵਜੇ ਕੁੱਝ ਸ਼ੱਕੀ ਅੱਤਵਾਦੀਆਂ ਨੇ ਇੱਕ ਗੈਰ ਸਥਾਨਕ ਰੇਹੜੀ ਵਾਲੇ 'ਤੇ ਹਮਲਾ ਕਰ ਦਿੱਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਅਕਤੀ ਦੀ ਪਛਾਣ ਬਿਹਾਰ ਦੇ ਭਾਗਲਪੁਰ ਵਾਸੀ ਵਰਿੰਦਰ ਪਾਸਵਾਨ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਵਿੱਚ ਜਦੀਬਲ ਦੇ ਆਲਮਗਰੀ ਬਾਜ਼ਾਰ ਵਿੱਚ ਰਹਿੰਦਾ ਸੀ।
ਇਸ ਵਿਚਾਲੇ ਸੁਰੱਖਿਆ ਬਲਾਂ ਨੇ ਹਮਲਾ ਕਰਨ ਵਾਲਿਆਂ ਨੂੰ ਫੜਨ ਲਈ ਸ਼ਹਿਰ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।