ਬਲੀਆ:ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲ ਗੱਡੀ ਦੀ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀਆਂ ਕਈ ਦੁਕਾਨਾਂ ਦੇ ਕਾਊਂਟਰ ਵੀ ਤੋੜ ਦਿੱਤੇ। ਹੰਗਾਮਾ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਦੇਸ਼ ਦੇ ਵੱਖ-ਵੱਥ ਹਿੱਸਿਆਂ ਵਿੱਚ ਪੁਲਿਸ ਅਤੇ ਨੌਜਵਾਨਾਂ ਵਿੱਚ ਟਕਰਾਅ ਦੇਖਿਆ ਜਾ ਰਿਹਾ ਹੈ।
ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟਰੇਟ ਸੌਮਿਆ ਅਗਰਵਾਲ ਅਤੇ ਪੁਲਿਸ ਸੁਪਰਡੈਂਟ ਰਾਜਕਰਨ ਨਈਅਰ ਵੀ ਮੌਕੇ 'ਤੇ ਪਹੁੰਚ ਗਏ। ਜ਼ਿਲ੍ਹਾ ਮੈਜਿਸਟਰੇਟ ਸੌਮਿਆ ਅਗਰਵਾਲ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਟਰੇਨ ਨੂੰ ਨੁਕਸਾਨ ਪਹੁੰਚਾਇਆ ਸੀ। ਸਥਿਤੀ ਹੁਣ ਕਾਬੂ ਹੇਠ ਹੈ। ਇਸ ਦੇ ਨਾਲ ਹੀ ਪੁਲਿਸ ਸੁਪਰਡੈਂਟ ਰਾਜਕਰਨ ਨਈਅਰ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਵੀਡੀਓ ਰਾਹੀਂ ਪਛਾਣ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਮਨਾ ਕੇ ਹਟਾਇਆ ਜਾ ਰਿਹਾ ਹੈ।
ਬਲੀਆ 'ਚ ਅਗਨੀਪਥ ਯੋਜਨਾ ਦਾ ਵਿਰੋਧ, ਟਰੇਨ ਨੂੰ ਲਗਾਈ ਅੱਗ ਫੌਜ ਦੀ ਭਰਤੀ ਲਈ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖ਼ਿਲਾਫ਼ ਬਿਹਾਰ, ਹਰਿਆਣਾ, ਉੱਤਰ-ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ ਹੈ। ਦੇਸ਼ ਦੀ ਕਈ ਰਾਜਾਂ ਵਿੱਚ ਨੌਜਵਾਨ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚੋਂ ਆ ਰਹੀਆ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਟਰੇਨਾਂ ਦੀਆਂ ਬੋਗੀਆਂ ਨੂੰ ਅੱਗ ਲਗਾਈ ਗਈ ਅਤੇ ਹੋਰ ਪਾਸੇ ਵੀ ਹਿੰਸਾ ਦੇ ਮਾਮਲੇ ਸਾਹਮਣੇ ਆਏ ਹਨ। ਕਈ ਥਾਵਾਂ 'ਤੇ ਨੌਜਵਾਨਾਂ ਦੇ ਗੁੱਸੇ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਵੀ ਸੱਟਾ ਵੱਜੀਆਂ ਹਨ। ਹਰਿਆਣਾ ਦੇ ਕਈ ਜਿਲ੍ਹਿਆਂ ਵਿੱਚੋਂ ਇੰਟਰਨੈਟ ਬੰਦ ਕਰਨ ਦੀਆਂ ਖ਼ਬਰਾਂ ਆ ਰਹਿਆਂ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅਗਨੀਪਥ ਯੋਜਨਾ ਦੇ ਐਲਾਨ ਦੇ ਅਗਲੇ ਦਿਨ ਬੁੱਧਵਾਰ ਤੋਂ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ ਅਤੇ ਅੱਜ ਤੀਜੇ ਦਿਨ ਵੀ ਕਈ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ। 14 ਜੂਨ ਨੂੰ, ਕੇਂਦਰ ਸਰਕਾਰ ਨੇ ਫੌਜ ਦੀਆਂ ਤਿੰਨ ਸ਼ਾਖਾਵਾਂ - ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਭਰਤੀ ਕਰਨ ਲਈ ਅਗਨੀਪਥ ਭਰਤੀ ਯੋਜਨਾ ਸ਼ੁਰੂ ਕੀਤੀ ਸੀ। ਜਿਸ ਦੇ ਤਹਿਤ ਜਵਾਨਾਂ ਨੂੰ ਸਿਰਫ 4 ਸਾਲ ਤੱਕ ਰੱਖਿਆ ਬਲ 'ਚ ਸੇਵਾ ਕਰਨੀ ਪਵੇਗੀ। ਸਰਕਾਰ ਨੇ ਇਹ ਕਦਮ ਤਨਖਾਹ ਅਤੇ ਪੈਨਸ਼ਨ ਦੇ ਬਜਟ ਨੂੰ ਘਟਾਉਣ ਲਈ ਚੁੱਕਿਆ ਹੈ। ਇਸ ਯੋਜਨਾ ਤੋਂ ਨਾਰਾਜ਼ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਕੀਮ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਦੇਵੇਗੀ।
ਇਹ ਵੀ ਪੜ੍ਹੋ:ਅਗਨੀਪਥ ਪ੍ਰਦਰਸ਼ਨ: ਤੀਜੇ ਦਿਨ ਵੀ ਵਿਦਿਆਰਥੀਆਂ ਵੱਲੋਂ ਹਿੰਸਕ ਪ੍ਰਦਰਸ਼ਨ, ਟਰੇਨ ਨੂੰ ਲਾਈ ਅੱਗ