ਕੋਲਕਾਤਾ:ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਜ਼ਖ਼ਮ ਅਜੇ ਭਰੇ ਨਹੀਂ ਹਨ ਕਿ ਪੱਛਮੀ ਬੰਗਾਲ ਵਿੱਚ ਇੱਕ ਹੋਰ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਤੜਕੇ 4 ਵਜੇ ਪੱਛਮੀ ਬੰਗਾਲ ਦੇ ਬਾਂਕੁੜਾ 'ਚ ਰੇਲ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬਾਂਕੁਰਾ 'ਚ ਦੋ ਮਾਲ ਗੱਡੀਆਂ ਦੀ ਟੱਕਰ ਕਾਰਨ ਇਹ ਹਾਦਸਾ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦੇ 12 ਡੱਬੇ ਪਟੜੀ ਤੋਂ ਉਤਰ ਗਏ।
ਇੰਝ ਹੋਇਆ ਹਾਦਸਾ: ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹਾਦਸੇ ਸਮੇਂ ਇਕ ਮਾਲ ਗੱਡੀ ਓਂਡਾ ਸਟੇਸ਼ਨ ਤੋਂ ਲੰਘ ਰਹੀ ਸੀ, ਜਦੋਂ ਇਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਮਾਲ ਗੱਡੀ ਦੇ ਕਰੀਬ 12 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ ਮਾਲ ਗੱਡੀ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਟੱਕਰ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਜਾਣਕਾਰੀ ਮਿਲੀ ਹੈ ਕਿ ਇਸ ਰੇਲ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਘਟਨਾ ਦੀ ਜਾਂਚ ਕੀਤੀ ਜਾ ਰਹੀ:ਰੇਲਵੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਮਾਲ ਗੱਡੀਆਂ ਖਾਲੀ ਸਨ, ਪਰ ਹੁਣ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਜਾਂਚ ਲਈ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਸੂਤਰਾਂ ਮੁਤਾਬਕ ਇਸ ਹਾਦਸੇ ਤੋਂ ਬਾਅਦ ਆਦਰਾ ਡਿਵੀਜ਼ਨ ਦੀਆਂ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਰੇਲਵੇ ਅਧਿਕਾਰੀ ਅਪ ਲਾਈਨ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ।
ਬਾਲਾਸੋਰ ਰੇਲ ਹਾਦਸਾ : ਇਸ ਤੋਂ ਪਹਿਲਾਂ, ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸ ਦੇ ਜਖ਼ਮ ਅਜੇ ਨਹੀਂ ਭਰੇ। ਜ਼ਿਕਰਯੋਗ ਹੈ ਕਿ 2 ਜੂਨ ਨੂੰ ਬਹਿਨਾਗਾ ਬਾਜ਼ਾਰ ਸਟੇਸ਼ਨ 'ਤੇ ਤਿੰਨ ਟਰੇਨਾਂ ਦੀ ਟੱਕਰ ਹੋ ਗਈ ਸੀ। ਇਸ ਹਾਦਸੇ 'ਚ ਹੁਣ ਤੱਕ 292 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਸੀਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਬੀਆਈ ਨੂੰ ਇਸ ਹਾਦਸੇ ਪਿੱਛੇ ਮਨੁੱਖੀ ਸਾਜ਼ਿਸ਼ ਦਾ ਸ਼ੱਕ ਹੈ। ਪਤਾ ਲੱਗਾ ਹੈ ਕਿ ਇਹ ਹਾਦਸਾ ਸਿਗਨਲ ਸਿਸਟਮ ਨਾਲ ਛੇੜਛਾੜ ਕਾਰਨ ਵਾਪਰਿਆ ਹੈ। ਇਸ ਸਬੰਧੀ ਸੀਬੀਆਈ ਦੀ ਟੀਮ ਨੇ ਰੇਲਵੇ ਸਿਗਨਲ ਯੂਨਿਟ ਦੇ ਇੱਕ ਜੂਨੀਅਰ ਇੰਜੀਨੀਅਰ ਤੋਂ ਪੁੱਛਗਿੱਛ ਕੀਤੀ ਹੈ। ਇਸ ਸਾਰੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ।