ਵਿਜਿਆਨਗਰਮ:ਆਂਧਰਾ ਪ੍ਰਦੇਸ਼ ਵਿੱਚ ਰੇਲ ਹਾਦਸਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਰੇਲ ਹਾਦਸਾ ਵਿਜਿਆਨਗਰਮ ਜ਼ਿਲ੍ਹੇ ਦੇ ਕੋਠਾਵਾਲਸਾ ਮੰਡਲ ਦੇ ਕਾਂਤਾਕੱਪੱਲੀ 'ਚ ਵਾਪਰਿਆ। ਵਿਸਾਖਾ ਤੋਂ ਰਾਏਗੜਾ ਜਾ ਰਹੀ ਇੱਕ ਯਾਤਰੀ ਰੇਲਗੱਡੀ ਅਤੇ ਪਲਾਸਾ ਤੋਂ ਵਿਜਿਆਨਗਰਮ ਵੱਲ ਆ ਰਹੀ ਇੱਕ ਯਾਤਰੀ ਰੇਲਗੱਡੀ ਇੱਕ ਦੂਜੇ ਨਾਲ ਟਕਰਾ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਕਾਰਨ ਰਾਏਗੜਾ ਪੈਸੰਜਰ ਟਰੇਨ ਦੀਆਂ 3 ਬੋਗੀਆਂ ਪਟੜੀ ਤੋਂ ਉਤਰ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਕੱਟ ਜਾਣ ਕਾਰਨ ਮੌਕੇ 'ਤੇ ਹਨੇਰਾ ਛਾਇਆ ਰਿਹਾ। ਹਨੇਰਾ ਹੋਣ ਕਾਰਨ ਇੱਥੇ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ। ਹਾਲਾਂਕਿ ਰੇਲਵੇ ਬਚਾਅ ਕਰਮਚਾਰੀ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਹਾਦਸੇ ਕਾਰਨ ਰੇਲਗੱਡੀ ਦੀਆਂ ਡੱਬੀਆਂ ਇਕ-ਦੂਜੇ 'ਤੇ ਚੜ੍ਹ ਗਈਆਂ।
ਇਸ ਹਾਦਸੇ ਕਾਰਨ ਸਵਾਰੀਆਂ ਵੀ ਸਹਿਮ ਗਈਆਂ। ਇਸ ਹਾਦਸੇ ਤੋਂ ਬਾਅਦ ਯਾਤਰੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਅਤੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਯਾਤਰੀਆਂ ਨੇ ਦੱਸਿਆ ਕਿ ਜਦੋਂ ਉਹ ਇਸ ਹਾਦਸੇ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦੀ ਰੂਹ ਕੰਬ ਜਾਂਦੀ ਹੈ। ਹਾਦਸੇ ਵਾਲੀ ਥਾਂ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।