ਜੀਂਦ:ਹਰਿਆਣਾ (Haryana) ਦੇ ਜੀਂਦ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਰਾਣੀ ਰੰਜਿਸ਼ ਕਾਰਨ ਮੰਗਲਵਾਰ ਨੂੰ ਬਦਮਾਸ਼ਾਂ ਨੇ ਜੀਂਦ ਦੇ ਰੋਹਤਕ ਰੋਡ 'ਤੇ ਸੀਮਿੰਟ ਵਪਾਰੀ ਅਤੇ ਉਸ ਦੇ ਭਤੀਜੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਫਾਇਰਿੰਗ ਵਿੱਚ ਵਪਾਰੀ ਦੀ ਮੌਤ (Jind murder CCTV) ਹੋ ਗਈ ਜਦਕਿ ਉਸਦਾ ਭਤੀਜਾ ਗੰਭੀਰ ਜ਼ਖਮੀ ਹੋ ਗਿਆ। ਇਸ ਮਾਮਲੇ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ।
ਦਰਅਸਲ ਇਹ ਮਾਮਲਾ ਪੁਰਾਣੀ ਦੁਸ਼ਮਣੀ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਕਾਰੋਬਾਰੀ ਸ਼ਿਆਮ ਸੁੰਦਰ ਇੱਕ ਕੇਸ ਵਿੱਚ ਗਵਾਹ ਸੀ ਜਿਸ ਦਾ ਫੈਸਲਾ ਜਲਦੀ ਹੀ ਆਉਣ ਵਾਲਾ ਸੀ। ਇਸ ਤੋਂ ਪਹਿਲਾਂ ਵੀ ਉਸ 'ਤੇ ਅਤੇ ਉਸ ਦੇ ਭਰਾ 'ਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ। ਦੱਸ ਦੇਈਏ ਕਿ ਉਸਦੇ ਭਰਾ ਦਾ ਕਤਲ ਕਰਨ ਦੀ ਕੋਸ਼ਿਸ਼ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਜਿਸ 'ਚ ਜਲਦ ਹੀ ਫੈਸਲਾ ਆਉਣ ਵਾਲਾ ਸੀ ਅਤੇ ਉਹ ਇਸ ਮਾਮਲੇ 'ਚ ਮੁੱਖ ਗਵਾਹ ਸੀ। ਇਹ ਕੇਸ 2017 ਦਾ ਹੈ ਅਤੇ ਇਸ ਕੇਸ ਵਿੱਚ ਸ਼ਿਆਮ ਸੁੰਦਰ ਦੀ ਗਵਾਹੀ ਹੋ ਚੁੱਕੀ ਹੈ।