ਕੁੱਲੂ/ਹਿਮਾਚਲ ਪ੍ਰਦੇਸ਼ :ਐਤਵਾਰ ਰਾਤ 12 ਵਜੇ ਦੇ ਕਰੀਬ ਪੰਜਾਬ ਤੋਂ ਆਏ ਨੌਜਵਾਨਾਂ ਨੇ ਧਾਰਮਿਕ ਨਗਰੀ ਮਨੀਕਰਨ ਵਿੱਚ ਕਾਫੀ ਹੰਗਾਮਾ ਕੀਤਾ। ਇਸ ਦੌਰਾਨ ਉਨ੍ਹਾਂ ਵਾਹਨਾਂ ਅਤੇ ਘਰਾਂ ਦੇ ਸ਼ੀਸ਼ੇ ਤੋੜ ਦਿੱਤੇ। ਚਸ਼ਮਦੀਦ ਗਵਾਹਾਂ ਦੀ ਮੰਨੀਏ, ਤਾਂ ਇਸ ਰਾਤ ਪੰਜਾਬ ਦੇ ਕੁਝ ਸੈਲਾਨੀਆਂ ਨੇ ਝੰਡੇ ਚੁੱਕ ਕੇ ਹੰਗਾਮਾ ਕੀਤਾ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਸ਼ਹਿਰ 'ਚ ਹੰਗਾਮਾ ਕਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੰਗਾਮਾ ਕਰਨ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੰਜਾਬ ਦੇ ਸੈਲਾਨੀਆਂ ਨੇ ਅਜਿਹਾ ਕਿਉਂ ਕੀਤਾ।
ਪੰਜਾਬ ਦੇ ਡੀਜੀਪੀ ਨੇ ਕੀਤਾ ਟਵੀਟ:ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਲਿਖਿਆ ਕਿ "ਮਨੀਕਰਨ ਵਿੱਚ ਸਥਿਤੀ ਸ਼ਾਂਤੀਪੂਰਨ ਹੈ। ਮੈਂ ਹਿਮਾਚਲ ਦੇ ਡੀਜੀਪੀ ਨਾਲ ਗੱਲ ਕੀਤੀ ਹੈ। ਘਬਰਾਉਣ ਜਾਂ ਅਫਵਾਹਾਂ ਤੋਂ ਬਚੋਂ। ਮੈਂ ਲੋਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ।"
ਰਸਤੇ 'ਚ ਮਿਲਣ ਵਾਲੇ ਹਰ ਵਿਅਕਤੀ ਦੀ ਕੁੱਟਮਾਰ: ਜਿੱਥੇ ਪੰਜਾਬ ਤੋਂ ਆਏ ਨੌਜਵਾਨਾਂ ਨੇ ਬਾਜ਼ਾਰ 'ਚ ਨਿਕਲ ਕੇ ਹੰਗਾਮਾ ਕਰ ਦਿੱਤਾ। ਉੱਥੇ ਹੀ, ਰਸਤੇ ਵਿੱਚ ਜੋ ਵੀ ਮਿਲਦਾ ਸੀ, ਉਸ ਦੀ ਕੁੱਟਮਾਰ ਕੀਤੀ ਗਈ ਅਤੇ ਰਸਤੇ ਵਿਚ ਰੌਲਾ ਪਾ ਕੇ ਬੋਤਲਾਂ ਤੋੜੀਆਂ ਗਈਆਂ। ਸ਼ਰਾਰਤੀ ਅਨਸਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰਾਤ ਨੂੰ ਘਰਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਇਸ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਰਾਤ ਨੂੰ ਵਾਪਰੀ ਇਸ ਘਟਨਾ ਕਾਰਨ ਸ਼ਹਿਰ ਦੇ ਲੋਕ ਡਰੇ ਹੋਏ ਹਨ। ਜਾਣਕਾਰੀ ਅਨੁਸਾਰ ਇੱਕ ਢਾਬੇ ਵਿੱਚ ਵੀ ਜ਼ਬਰਦਸਤੀ ਦਾਖ਼ਲ ਹੋ ਕੇ ਕੁੱਟਮਾਰ ਕੀਤੀ ਗਈ।