ਨਵੀਂ ਦਿੱਲੀ: ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਟਮਾਟਰਾਂ ਦੀ ਵਧੀ ਕੀਮਤ ਨੇ ਆਮ ਜਨਤਾ ਦੀ ਜੇਬ ਉੱਤੇ ਭਾਰੀ ਅਸਰ ਪਾਇਆ ਹੈ। ਦੱਸ ਦਈਏ ਕਿ ਟਮਾਟਰ ਦੀ ਕੀਮਤ ਇਸ ਸਮੇਂ 80 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਵੱਡੀ ਗੱਲ ਇਹ ਹੈ ਕਿ ਟਮਾਟਰ ਦੀਆਂ ਕੀਮਤਾਂ ਵਿੱਚ ਇਹ ਉਛਾਲ ਪਿਛਲੇ 2 ਦਿਨਾਂ ਦੇ ਅੰਦਰ ਵੇਖਣ ਨੂੰ ਮਿਲਿਆ ਹੈ।
ਕਿਉਂ ਵਧ ਰਹੀਆਂ ਟਮਾਟਰ ਦੀਆਂ ਕੀਮਤਾਂ:ਮੰਡੀ ਵਿਖੇ ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਕਿਸਾਨਾਂ ਕੋਲੋਂ ਹੀ ਟਮਾਟਰ ਮਹਿੰਗੇ ਆ ਰਹੇ ਹਨ। ਇਸ ਲਈ ਟਮਾਟਰਾਂ ਦੀ ਕੀਮਤ ਵਧੀ ਹੋਈ ਹੈ। ਖੇਤੀ ਮਾਹਿਰਾਂ ਦੀ ਮੰਨੀਏ ਤਾਂ ਟਮਾਟਰਾਂ ਦੀ ਕੀਮਤ ਵਧਣ ਪਿੱਛੇ ਦੇਸ਼ ਦੇ ਜ਼ਿਆਦਾਤਰ ਹਿੱਸੇ ਵਿੱਚ ਉੱਚ ਤਾਪਮਾਨ, ਘੱਟ ਉਤਪਾਦਨ ਤੇ ਦੇਰੀ ਨਾਲ ਪਿਆ ਮੀਂਹ ਹੈ।
ਦੱਸ ਦਈਏ ਕਿ ਇਕ ਮਹੀਨੇ ਪਹਿਲਾਂ 25-30 ਰੁਪਏ ਕਿਲੋ ਵਿਕਣ ਵਾਲੇ ਟਮਾਟਰਾਂ ਦੇ ਭਾਅ ਅਚਾਨਕ ਵਧ ਗਏ ਹਨ। ਇਹ ਕੀਮਤ 40 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਸਿੱਧਾ 100 ਰੁਪਏ ਪ੍ਰਤੀ ਕਿਲੋਂ ਨੇੜੇ ਪਹੁੰਚ ਗਈ ਹੈ। ਉੱਤਰ ਭਾਰਤ ਦੇ ਵਪਾਰੀ ਇਸ ਸਮੇਂ ਬੰਗਲੁਰੂ ਤੋਂ ਟਮਾਟਰ ਮੰਗਵਾ ਰਹੇ ਹਨ, ਕਿਉਂਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਖੇਤਾਂ ਵਿੱਚ ਇਹ ਫਸਲ ਚੰਗੀ ਨਹੀਂ ਨਿਕਲੀ ਹੈ। ਇਸ ਦੇ ਪਿੱਛੇ ਵੱਡਾ ਕਾਰਨ ਬੇਮੌਸਮੇ ਪਏ ਮੀਂਹ ਨੂੰ ਦੱਸਿਆ ਜਾ ਰਿਹਾ ਹੈ।
ਰਾਜਸਥਾਨ ਵਿੱਚ ਟਮਾਟਰ ਸਭ ਤੋਂ ਮਹਿੰਗਾ:ਦੇਸ਼ ਦੀ ਰਾਜਧਾਨੀ ਦਿੱਲੀ 'ਚ ਟਮਾਟਰ 70 ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਤਾਂ ਦੂਜੇ ਪਾਸੇ ਮੱਧ ਪ੍ਰਦੇਸ਼ ਦੀ ਮੰਡੀ ਵਿੱਚ ਟਮਾਟਰ 80 ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਜਦਕਿ, ਯੂਪੀ ਵਿੱਚ ਇਸ ਦੀ ਕੀਮਤ 80 ਤੋਂ 100 ਰੁਪਏ, ਰਾਜਸਥਾਨ ਵਿੱਚ 90 ਤੋਂ 110 ਰੁਪਏ ਅਤੇ ਪੰਜਾਬ ਵਿੱਚ 60 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਸਬਜ਼ੀ ਦੀ ਕੀਮਤ ਘੱਟ ਜਾਂ ਘੱਟ ਹੈ।
ਟਮਾਟਰ ਦੀ ਪੈਦਾਵਾਰ ਕਰਨ 'ਚ ਇਹ ਸੂਬਾ ਅੱਗੇ:ਸਭ ਤੋਂ ਵੱਧ ਟਮਾਟਰ ਦੀ ਪੈਦਾਵਾਰ ਕਰਨ ਵਾਲੇ ਕੁੱਲ 7 ਸੂਬੇ ਹਨ, ਜਿੱਥੋ ਪੂਰੇ ਦੇਸ਼ ਦਾ 75 ਫੀਸਦੀ ਟਮਾਟਰ ਹੁੰਦਾ ਹੈ। ਐਗਰੀਕਲਚਰ ਸਟੇਟ ਬੋਰਡ ਦੇ ਅੰਕੜਿਆਂ ਮੁਤਾਬਕ, ਟਮਾਟਰਾਂ ਦੀ ਪੈਦਾਵਾਰ ਕਰਨ ਵਿੱਚ ਆਂਧਰਾ ਪ੍ਰਦੇਸ਼ ਸਭ ਤੋਂ ਅੱਗੇ ਹੈ।
ਜੇਕਰ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ, ਕਰਨਾਟਕ, ਮੱਧ ਪ੍ਰਦੇਸ਼, ਤਮਿਲਨਾਡੂ, ਓਡੀਸ਼ਾ, ਗੁਜਰਾਤ ਅਤੇ ਪੱਛਮੀ ਬੰਗਾਲ ਵਿੱਚ ਟਮਾਟਰਾਂ ਦੀ ਪੈਦਾਵਾਰ ਵੱਧ ਹੁੰਦੀ ਹੈ। ਐਗਰੀਕਲਚਰ ਸਟੇਟ ਬੋਰਡ ਦੀ ਰਿਪੋਰਟ ਮੁਤਾਬਕ, ਦੇਸ਼ ਵਿੱਚ ਕੁੱਲ ਪੈਦਾਵਾਰ ਚੋਂ ਟਮਾਟਰਾਂ ਵਿੱਚ ਆਂਧਰਾ ਪ੍ਰਦੇਸ਼ ਇੱਕਲੇ 17.9 ਫੀਸਦੀ ਪੈਦਾਵਾਰ ਕਰਦਾ ਹੈ।