ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪੁਣੇ, ਅਹਿਮਦਾਬਾਦ ਅਤੇ ਹੈਦਰਾਬਾਦ ਦਾ ਦੌਰਾ ਕਰਨਗੇ ਅਤੇ ਇਥੇ ਵਿਕਸਤ ਕੀਤੇ ਜਾ ਰਹੇ ਕੋਵਿਡ-19 ਟੀਕੇ ਨਾਲ ਸਬੰਧਤ ਕੰਮਾਂ ਦਾ ਜਾਇਜ਼ਾ ਲੈਣਗੇ।
ਪੀਐਮਓ ਨੇ ਟਵੀਟ ਕਰਦਿਆਂ ਕਿਹਾ ਕਿ 'ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਕੇ ਦੇ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਦੀ ਨਿੱਜੀ ਤੌਰ 'ਤੇ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ। ਉਹ ਅਹਿਮਦਾਬਾਦ ਦੇ ਜ਼ੈਡਸ ਕੈਡਿਲਾ ਪਾਰਕ, ਹੈਦਰਾਬਾਦ ਵਿੱਚ ਭਾਰਤ ਬਾਇਓਟੈਕ ਅਤੇ ਪੁਣੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਦੌਰਾ ਕਰਨਗੇ।
ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਕੇਂਦਰਾਂ ਦਾ ਦੌਰਾ ਕਰਨਗੇ ਅਤੇ ਉਹ ਵਿਗਿਆਨੀਆਂ ਨਾਲ ਰੋਡ-ਮੈਪ ਤਿਆਰ ਕਰਨ, ਚੁਣੌਤੀਆਂ ਅਤੇ ਟੀਕਾਕਰਨ ਦੇ ਯਤਨਾਂ ਬਾਰੇ ਵਿਚਾਰ ਵਟਾਂਦਰਾ ਵੀ ਕਰਨਗੇ। ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ ਮੋਦੀ ਅਹਿਮਦਾਬਾਦ ਨੇੜੇ ਮੋਹਰੀ ਦਵਾਈ ਕੰਪਨੀ 'ਜ਼ੈਡਸ ਕੈਡਿਲਾ' ਦੇ ਪਲਾਂਟ ਦਾ ਦੌਰਾ ਕਰਨਗੇ ਅਤੇ ਉਥੇ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਟੀਕੇ ਬਾਰੇ ਜਾਣਕਾਰੀ ਹਾਸਲ ਕਰਨਗੇ।
ਜ਼ੈਡਸ ਕੈਡੀਲਾ ਦਾ ਪਲਾਂਟ ਅਹਿਮਦਾਬਾਦ ਸ਼ਹਿਰ ਦੇ ਨਜ਼ਦੀਕ ਚਾਂਗੋਦਰ ਉਦਯੋਗਿਕ ਖੇਤਰ ਵਿੱਚ ਸਥਿਤ ਹੈ। ਡਰੱਗ ਨਿਰਮਾਤਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਕੋਵਿਡ-19 ਲਈ ਸੰਭਾਵਤ ਟੀਕੇ ਦੇ ਫੇਜ਼-1 ਦੇ ਟਰਾਇਲ ਪੂਰੇ ਹੋ ਚੁੱਕੇ ਹਨ, ਅਤੇ ਫੇਜ਼-2 ਟਰਾਇਲ ਅਗਸਤ ਵਿੱਚ ਸ਼ੁਰੂ ਹੋਏ ਸਨ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੋਦੀ ਫਿਰ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਦਾ ਦੌਰਾ ਕਰਨਗੇ, ਜਿਸ ਨੇ ਕੋਵਿਡ-19 ਟੀਕਾ ਵਿਕਸਤ ਕਰਨ ਲਈ ਮਸ਼ਹੂਰ ਦਵਾਈ ਕੰਪਨੀ 'ਐਸਟਰਾਜ਼ੇਨੇਕਾ' ਅਤੇ 'ਆਕਸਫੋਰਡ ਯੂਨੀਵਰਸਿਟੀ' ਨਾਲ ਭਾਈਵਾਲੀ ਕੀਤੀ ਹੈ। ਪ੍ਰਧਾਨ ਮੰਤਰੀ ਦੁਪਹਿਰ 12:30 ਵਜੇ ਪੁਣੇ ਪਹੁੰਚਣਗੇ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਜਾਣਗੇ ਜਿੱਥੇ ਉਹ ਕੋਵਿਡ-19 ਟੀਕਾ ਵਿਕਸਤ ਕਰਨ ਵਾਲੀ ਕੰਪਨੀ ਭਾਰਤ ਬਾਇਓਟੈਕ ਦਾ ਦੌਰਾ ਕਰਨਗੇ।