ਨਵੀਂ ਦਿੱਲੀ: ਚੋਣ ਕਮਿਸ਼ਨ ਅੱਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨੂੰ ਪ੍ਰਵਾਸੀ ਵੋਟਰਾਂ ਲਈ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (RVM) ਦਾ ਪ੍ਰੋਟੋਟਾਈਪ ਦਿਖਾਏਗਾ। ਕਮਿਸ਼ਨ ਨੇ ਕਿਹਾ ਕਿ ਅੱਠ ਮਾਨਤਾ ਪ੍ਰਾਪਟ ਰਾਸ਼ਟਰੀ ਪਾਰਟੀਆਂ ਅਤੇ 57 ਮਾਨਤਾ ਪ੍ਰਾਪਤ ਰਾਜ-ਪੱਧਰੀ ਪਾਰਟੀਆਂ ਨੂੰ ਸੋਮਵਾਰ ਸਵੇਰੇ ਇਕ ਪ੍ਰਦਰਸ਼ਨ ਲਈ ਸੱਦਾ ਦਿੱਤਾ ਹੈ, ਤਾਂ ਜੋ ਰਿਮੋਟ ਵੋਟਿੰਗ ਦੀ ਵਰਤੋਂ ਕਦੇ ਹੋਏ ਘਰੇਲੂ ਪ੍ਰਵਾਸੀ ਦੀ ਵੋਟਰ ਭਾਗੀਦਾਰੀ ਨੂੰ ਬਿਹਤਰ ਬਣਾਉਣ ਉੱਤੇ ਚਰਚਾ ਕੀਤੀ ਜਾ ਸਕੇ।
ਘਰੇਲੂ ਪ੍ਰਵਾਸੀਆਂ ਲਈ ਹੋਵੇਗੀ ਲਾਭਦਾਇਕ: ਰਿਮੋਟ ਈਵੀਐਮ ਦੇ ਪ੍ਰਦਰਸ਼ਨ ਦੌਰਾਨ ਚੋਣ ਕਮਿਸ਼ਨ ਦੀ ਤਕਨੀਕੀ ਮਾਹਿਰ ਕਮੇਟੀ ਦੇ ਮੈਂਬਰ ਵੀ ਨਾਲ ਮੌਜੂਦ ਰਹਿਣਗੇ। ਕਮਿਸ਼ਨ ਨੇ ਪ੍ਰੋਟੋਟਾਈਪ ਨੂੰ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਪਾਰਟੀਆਂ ਨੂੰ ਸੱਦਾ ਦਿੰਦੇ ਹੋਏ RVM ਦੀ ਵਰਤੋਂ ਲਈ ਇਜਾਜ਼ਤ ਦੇਣ ਲਈ ਕਾਨੂੰਨ ਵਿੱਚ ਲੋਂੜੀਦੀਆਂ ਤਬਦੀਲੀਆਂ ਵਰਗੇ ਮੁੱਦਿਆਂ 'ਤੇ ਜਨਵਰੀ ਦੇ ਅੰਤ ਤੱਕ ਲਿਖਤੀ ਰੂਪ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ ਸੀ। ਜੇਕਰ, ਸਟੇਕਹੋਲਡਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਾਗੂ ਕੀਤਾ ਜਾਂਦਾ ਹੈ, ਤਾਂ ਵਿਦੇਸ਼ੀ ਵੋਟਰਾਂ ਨੂੰ ਆਪਣੀ ਵੋਟ ਇਸਤੇਮਾਲ ਕਰਨ ਲਈ ਆਪਣੇ ਘਰੇਲੂ ਜ਼ਿਲ੍ਹਿਆਂ ਦੀ ਯਾਤਰਾ ਕਰਨ ਦੀ ਲੋੜ ਨਹੀਂ ਪਵੇਗੀ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੂਰ -ਦੁਰਾਡੇ ਤੋਂ ਪੋਲਿੰਗ ਸਟੇਸ਼ਨਾਂ ਉੱਤੇ ਪਈਆਂ ਵੋਟਾਂ ਦੀ ਗਿਣਤੀ ਅਤੇ ਦੂਜੇ ਰਾਜਾਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਉਨ੍ਹਾਂ ਦੇ ਪ੍ਰਸਾਰਣ ਨੂੰ 'ਤਕਨੀਕੀ ਚੁਣੌਤੀ' ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ RVM ਨੂੰ ਮੌਜੂਦਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਆਧਾਰ 'ਤੇ 'ਇਕ ਮਜ਼ਬੂਤ, ਤਰੁੱਟੀ ਮੁਕਤ ਅਤੇ ਪ੍ਰਭਾਵੀ ਸਟੈਂਡ-ਅਲੋਨ ਸਿਸਟਮ' ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਨੂੰ ਇੰਟਰਨੈੱਟ ਨਾਲ ਨਹੀਂ ਜੋੜਿਆ ਜਾਵੇਗਾ।
ਇੰਝ ਕਰੇਗਾ ਕੰਮ: ਪਬਲਿਕ ਸੈਕਟਰ ਅੰਡਰਟੇਕਿੰਗ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡਿਆ ਲਿਮਟਿਡ (ECIL) ਵੱਲੋਂ ਵਿਕਸਤ ਮਲਟੀ-ਇਲੈਕਸ਼ਨ ਰਿਮੋਟ ਈਵੀਐਮ ਇਕ ਸਿੰਗਲ ਰਿਮੋਟ ਪੋਲਿੰਗ ਸਟੇਸ਼ਨ ਤੋਂ 72 ਹਲਕਿਆਂ ਨੂੰ ਸੰਭਾਲ ਸਕਦਾ ਹੈ। ECIL ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੋ PSUs ਹਨ, ਜੋ EVM ਦਾ ਨਿਰਮਾਣ ਕਰਦੇ ਹਨ। RVM M3 (Mark 3) EVM ਮਾਡਲ ਦਾ ਇਕ ਸੋਧਿਆ ਹੋਇਆ ਸੰਸਕਰਨ ਹੈ, ਜੋ ਘਰੇਲੂ ਪ੍ਰਵਾਸੀਆਂ ਨੂੰ ਰਿਮੋਟ ਪੋਲਿੰਗ ਸਟੇਸ਼ਨਾਂ- ਘਰੇਲੂ ਹਲਕੇ ਤੋਂ ਬਾਹਰ ਪੋਲਿੰਗ ਸਟੇਸ਼ਨਾਂ ਉੱਤੇ ਵੋਟ ਪਾਉਣ ਦੇ ਯੋਗ ਬਣਾਉਂਦਾ ਹੈ। ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੇਕਰ ਇਹ ਪਹਿਲਕਦਮੀ ਲਾਗੂ ਹੁੰਦੀ ਹੈ, ਤਾਂ ਪ੍ਰਵਾਸੀਆਂ ਲਈ 'ਸਮਾਜਿਕ ਤਬਦੀਲੀ' ਹੋ ਸਕਦੀ ਹੈ।