ਕੋਲਕਾਤਾ: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਦੇ ਅਹੁਦੇ ਦਾ ਮੁੱਦਾ ਹੁਣ ਸਿਆਸੀ ਰੰਗ ਲੈ ਰਿਹਾ ਹੈ। ਇੱਕ TMC ਲੀਡਰ ਨੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਭਾਜਪਾ 'ਤੇ ਹਮਲਾ ਬੋਲਿਆ ਹੈ। ਟੀਐਮਸੀ ਲੀਡਰ ਡਾ. ਐਸ ਸੇਨ ਨੇ ਕਿਹਾ, 'ਅਮਿਤ ਸ਼ਾਹ ਕੁਝ ਮਹੀਨੇ ਪਹਿਲਾਂ ਸੌਰਵ ਗਾਂਗੁਲੀ ਦੇ ਘਰ ਗਏ ਸਨ। ਪਤਾ ਲੱਗਾ ਹੈ ਕਿ ਗਾਂਗੁਲੀ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਵਾਰ-ਵਾਰ ਸੰਪਰਕ ਕੀਤਾ ਗਿਆ ਸੀ। ਸ਼ਾਇਦ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋ ਗਿਆ ਹੈ। ਅਮਿਤ ਸ਼ਾਹ ਦੇ ਬੇਟੇ ਨੂੰ ਬੀਸੀਸੀਆਈ ਸਕੱਤਰ ਵਜੋਂ ਬਰਕਰਾਰ ਰੱਖਿਆ ਗਿਆ ਹੈ, ਪਰ ਗਾਂਗੁਲੀ ਨੂੰ ਨਹੀਂ।'
ਇਸ ਦੇ ਨਾਲ ਹੀ ਕੋਲਕਾਤਾ 'ਚ ਭਾਜਪਾ ਦੇ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਕਿਹਾ, 'ਸੌਰਵ ਗਾਂਗੁਲੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੌਰਵ ਗਾਂਗੁਲੀ ਦੇ ਘਰ ਦੇ ਦੌਰੇ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੌਰਵ ਗਾਂਗੁਲੀ ਆਉਣ ਵਾਲੇ ਦਿਨਾਂ 'ਚ ਬੁਲੰਦੀਆਂ ਹਾਸਲ ਕਰਨਗੇ।'