ਧਰਮਪੁਰੀ— ਤਾਮਿਲਨਾਡੂ ਦੇ ਧਰਮਪੁਰੀ ਜ਼ਿਲੇ 'ਚ ਬਿਜਲੀ ਦਾ ਕਰੰਟ ਲੱਗਣ ਨਾਲ ਹਾਥੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇੱਕ ਕਿਸਾਨ ਵੱਲੋਂ ਖੇਤ ਵਿੱਚ ਕਥਿਤ ਤੌਰ ’ਤੇ ਕਰੰਟ ਵਾਲੀਆ ਤਾਰਾਂ ਲਗਾਉਣ ਕਾਰਨ ਵਾਪਰੀ। ਇਸ ਮਾਮਲੇ ਵਿੱਚ ਜੰਗਲਾਤ ਵਿਭਾਗ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਧਰਮਪੁਰੀ ਜ਼ਿਲਾ ਪੁਲਸ ਨੇ ਦੋਸ਼ੀ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਿਸਾਨ ਨੇ ਫਸਲਾਂ ਨੂੰ ਬਚਾਉਣ ਲਈ ਚੁੱਕਿਆ ਖਤਰਨਾਕ ਕਦਮ:ਜਾਣਕਾਰੀ ਮੁਤਾਬਕ ਧਰਮਪੁਰੀ ਜ਼ਿਲੇ ਦੇ ਮਰਾਂਦਹੱਲੀ ਨੇੜੇ ਕਲੀਕੁੰਦਨ ਕੋਟਈ ਪਿੰਡ 'ਚ ਇਕ ਕਿਸਾਨ ਮੁਰੂਗੇਸਨ ਰਹਿੰਦਾ ਹੈ। ਮੁਰੂਗੇਸਨ ਕੋਲ ਦੋ ਏਕੜ ਵਾਹੀਯੋਗ ਜ਼ਮੀਨ ਹੈ। ਇਸ ਜ਼ਮੀਨ ਵਿੱਚ ਉਹ ਮੱਕੀ, ਰਾਗੀ ਅਤੇ ਨਾਰੀਅਲ ਸਮੇਤ ਹੋਰ ਫ਼ਸਲਾਂ ਦੀ ਕਾਸ਼ਤ ਕਰਦਾ ਹੈ। ਅਜੇ ਵੀ ਖੇਤ ਵਿੱਚ ਕੁਝ ਫ਼ਸਲਾਂ ਉਗਾਈਆਂ ਗਈਆਂ ਹਨ। ਇਸ ਨੂੰ ਬਚਾਉਣ ਲਈ ਕਿਸਾਨ ਨੇ ਬਹੁਤ ਖਤਰਨਾਕ ਕਦਮ ਚੁੱਕੇ ਹਨ।
ਜੰਗਲੀ ਸੂਰ ਆ ਜਾਂਦੇ ਸੀ ਖੇਤਾਂ ਵਿੱਚ: ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਰੂਗੇਸਨ ਨੇ ਆਪਣੀ ਫਸਲ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਖੇਤ ਦੇ ਆਲੇ-ਦੁਆਲੇ ਕਰੰਟ ਲਗਾ ਦਿੱਤਾ ਸੀ। ਕਿਉਕਿ ਹਾਥੀ ਅਤੇ ਜੰਗਲੀ ਸੂਰ ਖੇਤ ਵਿੱਚ ਆ ਕੇ ਫ਼ਸਲ ਦਾ ਨੁਕਸਾਨ ਕਰ ਰਹੇ ਸਨ। ਇਸ ਲਈ ਮੁਰੂਗੇਸਨ ਨੇ ਆਪਣੇ ਖੇਤ ਨੂੰ ਬਿਜਲੀ ਦੀਆਂ ਤਾਰਾਂ ਨਾਲ ਨਜਾਇਜ਼ ਤੌਰ 'ਤੇ ਜੋੜ ਦਿੱਤੇ। ਇਲਜ਼ਾਮ ਹੈ ਕਿ ਉਸ ਨੇ ਖੇਤ ਦੇ ਕੋਲ ਲੱਗੇ ਬਿਜਲੀ ਦੇ ਖੰਭੇ ਨਾਲ ਸਿੱਧਾ ਬਿਜਲੀ ਜੋੜ ਦਿੱਤੀ ਸੀ।