ਹੈਦਰਾਬਾਦ ਡੈਸਕ:ਖਾਲਿਸਤਾਨ ਸਮਰਥਕ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 36 ਦਿਨਾਂ ਦੇ ਫਰਾਰ ਰਹਿਣ ਤੋਂ ਬਾਅਦ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੂੰ 8 ਰਾਜਾਂ ਵਿੱਚ ਉਸ ਦੀ ਭਾਲ ਸੀ। ਸਖ਼ਤ ਨਾਕਾਬੰਦੀ, ਵਾਹਨਾਂ ਦੀ ਚੈਕਿੰਗ ਅਤੇ ਲਗਾਤਾਰ ਗਸ਼ਤ ਦੇ ਬਾਵਜੂਦ ਉਹ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਸੀ। ਦਰਅਸਲ, ਪੁਲਿਸ ਤੋਂ ਬਚਣ ਲਈ ਉਸ ਦੀ ਹਰ ਕਦਮ 'ਤੇ ਮਦਦ ਕੀਤੀ ਜਾ ਰਹੀ ਸੀ। ਆਓ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਰਦਾਰ ਕੌਣ ਹਨ, ਜੋ ਅੰਮ੍ਰਿਤਪਾਲ ਦੀ ਕਥਿਤ ਖਾਲਿਸਤਾਨੀ ਸਾਜ਼ਿਸ਼ ਲਈ ਫੰਡਿੰਗ ਤੋਂ ਲੈ ਕੇ ਯੋਜਨਾ ਬਣਾਉਣ ਤੱਕ ਦਾ ਕੰਮ ਸੰਭਾਲ ਰਹੇ ਸਨ।
ਅੰਮ੍ਰਿਤਪਾਲ ਦੀ NRI ਪਤਨੀ: ਅੰਮ੍ਰਿਤਪਾਲ ਸਿੰਘ ਨੇ ਇਸ ਸਾਲ 10 ਫ਼ਰਵਰੀ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਬੇਹਦ ਗੁਪਤ ਅਤੇ ਸਾਦੇ ਢੰਗ ਨਾਲ ਐਨਆਰਆਈ ਕੁੜੀ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਕਿਰਨਦੀਪ ਕੌਰ ਦੀ ਅੰਮ੍ਰਿਤਪਾਲ ਨਾਲ ਮੁਲਾਕਾਤ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਉੱਤੇ ਇਕ ਸਾਲ ਪਹਿਲਾਂ ਹੋਈ ਸੀ। ਕਿਰਨਦੀਪ ਕੌਰ ਯੂਕੇ ਦੀ ਨਾਗਰਿਕ ਹੈ। ਉਹ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ। ਕੁਝ ਸਮਾਂ ਪਹਿਲਾਂ ਉਸ ਦਾ ਪਰਿਵਾਰ ਇੰਗਲੈਂਡ ਆ ਕੇ ਵੱਸ ਗਿਆ ਸੀ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਉੱਤੇ ਵਿਦੇਸ਼ੀ ਫੰਡਿੰਗ, AKF, ਵਾਰਿਸ ਪੰਜਾਬ ਦੇ ਜਥੇਬੰਦੀ ਲਈ ਪੈਸੇ ਜੁਟਾਉਣ ਦੇ ਇਲਜ਼ਾਮ ਹਨ। ਹਾਲਾਂਕਿ, ਕਿਰਨਦੀਪ ਅਪਣੇ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਚੁੱਕੀ ਹੈ।
ਅੰਮ੍ਰਿਤਪਾਲ ਨੂੰ ਫ਼ਰਾਰ ਹੋਣ ਦੀ ਸਲਾਹ ਦੇਣ ਵਾਲਾ ਪਪਲਪ੍ਰੀਤ ਸਿੰਘ:ਇਲਜ਼ਾਮ ਹਨ ਕਿ ਅੰਮ੍ਰਿਤਪਾਲ ਪਹਿਲਾਂ ਹੀ ਸਰੰਡਰ ਕਰਨਾ ਚਾਹੁੰਦਾ ਸੀ, ਪਰ ਉਸ ਦੇ ਕਰੀਬੀ ਪਪਲਪ੍ਰੀਤ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਪਹਿਲੇ ਦਿਨ ਤੋਂ ਪਪਲਪ੍ਰੀਤ, ਅੰਮ੍ਰਿਤਪਾਲ ਨਾਲ ਫ਼ਰਾਰ ਸੀ ਅਤੇ ਪਰਛਾਵੇਂ ਵਾਂਗ ਉਸ ਦੇ ਨਾਲ ਸੀ। ਆਖੀਰ ਮਾਰਚ ਵਿੱਚ 28 ਮਾਰਚ ਦੀ ਰਾਤ ਨੂੰ ਉਹ ਅੰਮ੍ਰਿਤਪਾਲ ਤੋਂ ਵੱਖ ਹੋ ਗਿਆ। ਪਪਲਪ੍ਰੀਤ ਉੱਤੇ ਇਲਜ਼ਾਮ ਹਨ ਕਿ ਉਹ ਅੰਮ੍ਰਿਤਪਾਲ ਦਾ ਮੈਨ ਹੈਂਡਲਰ, ISI ਨਾਲ ਸਿੱਧੇ ਸੰਪਰਕ ਵਿੱਚ, ਇਸ ਦੇ ਕਹਿਣ 'ਤੇ ਅੰਮ੍ਰਿਤਪਾਲ ਨੇ ਆਤਮ ਸਮਰਪਣ ਨਹੀਂ ਕੀਤਾ ਸੀ। ਪੁਲਿਸ ਨੇ ਉਸ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸ ਸਮੇਂ ਪਪਲਪ੍ਰੀਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।
ਅੰਮ੍ਰਿਤਪਾਲ ਦਾ ਫਾਇਨੈਂਸਰ ਦਲਜੀਤ ਸਿੰਘ ਕਲਸੀ: ਦਲਜੀਤ ਸਿੰਘ ਉੱਤੇ ਅੰਮ੍ਰਿਤਪਾਲ ਦਾ ਫਾਇਨੈਂਸਰ ਹੋਣ, ਆਈਐਸਆਈ ਨਾਲ ਸਬੰਧਾਂ ਦੇ ਇਲਜ਼ਾਮ ਹਨ। ਇਹ ਵੀ ਇਲਜ਼ਾਮ ਹਨ ਕਿ ਉਹ ਪਾਕਿਸਤਾਨ ਦੇ ਕਈ ਦੇਸ਼ਾਂ ਵਿੱਚ ਸਥਿਤ ਕੌਂਸਲੇਟ ਜਨਰਲ ਵਿੱਚ ਤਾਇਨਾਤ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ। ਉਸ ਨੇ ਵਿਦੇਸ਼ਾਂ ਤੋਂ ਫੰਡ ਲੈਣ ਲਈ ਸਟਰਲਿੰਗ ਇੰਡੀਆ ਏਜੰਸੀ ਨਾਂ ਦੀ ਕੰਪਨੀ ਬਣਾਈ ਸੀ। ਜਾਂਚ 'ਚ ਪਤਾ ਲੱਗਾ ਕਿ ਪਿਛਲੇ ਦੋ ਸਾਲਾਂ 'ਚ ਉਸ ਨੇ ਵਿਦੇਸ਼ ਤੋਂ ਕਰੀਬ 35 ਕਰੋੜ ਰੁਪਏ ਇਕੱਠੇ ਕੀਤੇ ਸਨ। ਉਸ ਨੇ ਇਸ ਰਕਮ ਦਾ ਵੱਡਾ ਹਿੱਸਾ ਅੰਮ੍ਰਿਤਪਾਲ ਅਤੇ ਜਥੇਬੰਦੀ ਵਾਰਿਸ ਪੰਜਾਬ ਦੇ 'ਤੇ ਖ਼ਰਚ ਕੀਤਾ।
ਤੂਫਾਨ ਸਿੰਘ-ਅਜਨਾਲਾ ਕਾਂਡ ਸਬੰਧਤ :ਲਵਪ੍ਰੀਤ ਸਿੰਘ ਉਰਫ਼ ਤੂਫਾਨ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਰਗਰਮ ਮੈਂਬਰ ਹੈ ਅਤੇ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ। ਇਲਜ਼ਾਮ ਹੈ ਕਿ ਲਵਪ੍ਰੀਤ ਤੂਫਾਨ ਨੇ ਅੰਮ੍ਰਿਤਪਾਲ ਖਿਲਾਫ ਟਿੱਪਣੀ ਕਰਨ ਲਈ ਇੱਕ ਵਿਅਕਤੀ ਨੂੰ ਅਗਵਾ ਕੀਤਾ ਸੀ। ਇਹ ਅੰਮ੍ਰਿਤਪਾਲ ਲਈ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਹਨ। ਅੰਮ੍ਰਿਤਪਾਲ ਨੇ 24 ਫ਼ਰਵਰੀ ਨੂੰ ਤੂਫਾਨ ਸਿੰਘ ਨੂੰ ਰਿਹਾਅ ਕਰਵਾਉਣ ਲਈ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ ਅਤੇ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ 6 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਸਨ।