ਕਾਬੁਲ: ਅਫਗਾਨਿਸਤਾਨ (Afghanistan) ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਦੇ ਵਿਚਕਾਰ ਤਾਲਿਬਾਨ ਨੇ ਵੀਰਵਾਰ ਨੂੰ ਇਕ ਹੋਰ ਰਣਨੀਤਕ ਤੌਰ 'ਤੇ ਮਹੱਤਵਪੂਰਨ ਸੂਬਾਈ ਰਾਜਧਾਨੀ ਅਤੇ ਕਾਬੁਲ ਦੇ ਨੇੜੇ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੇਰਾਤ 'ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ, ਤਾਲਿਬਾਨ ਨੇ ਹੁਣ ਤੱਕ 34 ਸੂਬਾਈ ਰਾਜਧਾਨੀਆਂ ਵਿੱਚੋਂ 11 ਉੱਤੇ ਕਬਜ਼ਾ ਕਰ ਲਿਆ ਹੈ।
ਹੇਰਾਤ (Herat) ‘ਤੇ ਕਬਜ਼ਾ ਤਾਲਿਬਾਨ (Taliban) ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਹੈ। ਚਸ਼ਮਦੀਦਾਂ ਦੇ ਅਨੁਸਾਰ, ਇੱਕ ਸਰਕਾਰੀ ਇਮਾਰਤ ਤੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸ਼ਹਿਰ ਦੇ ਬਾਕੀ ਹਿੱਸੇ ਵਿੱਚ ਸ਼ਾਂਤੀ ਹੈ। ਇਸ ਦੇ ਨਾਲ ਹੀ, ਗਜ਼ਨੀ 'ਤੇ ਤਾਲਿਬਾਨ ਦੇ ਕਬਜ਼ੇ ਦੇ ਨਾਲ, ਅਫਗਾਨਿਸਤਾਨ ਦੀ ਰਾਜਧਾਨੀ ਨੂੰ ਦੱਖਣੀ ਸੂਬਿਆਂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਣ ਰਾਜਮਾਰਗ ਕੱਟ ਗਿਆ ਹੈ।
ਅਮਰੀਕਾ (USA) ਅਤੇ ਨਾਟੋ ਦੀਆਂ ਫੌਜਾਂ ਕਰੀਬ 20 ਸਾਲ ਪਹਿਲਾਂ ਅਫਗਾਨਿਸਤਾਨ ਆਈਆਂ ਸਨ ਅਤੇ ਤਾਲਿਬਾਨ ਦੀ ਸਰਕਾਰ ਨੂੰ ਹਟਾਇਆ ਸੀ। ਹੁਣ ਅਮਰੀਕੀ ਫੌਜਾਂ ਦੀ ਪੂਰੀ ਵਾਪਸੀ ਤੋਂ ਕੁਝ ਹਫ਼ਤੇ ਪਹਿਲਾਂ ਤਾਲਿਬਾਨ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ।
ਫਿਲਹਾਲ ਕਾਬੁਲ ਨੂੰ ਕੋਈ ਸਿੱਧਾ ਖਤਰਾ ਨਹੀਂ ਹੈ, ਪਰ ਦੇਸ਼ ਦੇ ਲਗਭਗ ਦੋ-ਤਿਹਾਈ ਹਿੱਸੇ 'ਤੇ ਤਾਲਿਬਾਨ ਦੀ ਪਕੜ ਸਖਤ ਹੁੰਦੀ ਨਜ਼ਰ ਆ ਰਹੀ ਹੈ। ਹਜ਼ਾਰਾਂ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਤਾਨਾਸ਼ਾਹੀ ਤਾਲਿਬਾਨ ਦਾ ਰਾਜ ਦੁਬਾਰਾ ਆ ਸਕਦਾ ਹੈ