ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲਿਆਂ 'ਚ ਜੇਲ੍ਹ ਅੰਦਰ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਅਗਾਊਂ ਜ਼ਮਾਨਤ ਪਟੀਸ਼ਨ ਉੱਤੇ ਸ਼ੁੱਕਰਵਾਰ ਨੂੰ ਸੁਣਵਾਈ 4 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਸੰਜੀਵ ਖੰਨਾ ਅਤੇ ਐਸ.ਵੀ.ਐਨ. ਭੱਟੀ ਦੀ ਬੈਂਚ ਨੇ ਕਿਹਾ ਕਿ ਉਹ ਅੱਜ ਜਾਂ ਕਿਸੇ ਹੋਰ ਦਿਨ ਸੁਣਵਾਈ ਦੀ ਤਰੀਕ ਤੈਅ ਕਰੇਗੀ। ਸਿਸੋਦੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਬੇਨਤੀ ਕੀਤੀ, "ਜੇਕਰ ਮਾਮਲਾ 4 ਅਕਤੂਬਰ ਨੂੰ ਚੁੱਕਿਆ ਜਾਂਦਾ ਹੈ, ਤਾਂ ਸੁਣਵਾਈ ਲਈ ਕਾਫ਼ੀ ਸਮਾਂ ਹੋਵੇਗਾ।" ਵਧੀਕ ਸਾਲਿਸਟਰ ਜਨਰਲ ਐਸ.ਵੀ. ਰਾਜੂ ਕੇਂਦਰੀ ਜਾਂਚ ਏਜੰਸੀਆਂ ਦੇ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ।
ਅਗਾਊਂ ਜ਼ਮਾਨ ਉੱਤੇ ਨਹੀਂ ਦਿੱਤੇ ਕੋਈ ਨਿਰਦੇਸ਼: ਸਿਸੋਦੀਆ ਨੇ ਆਪਣੀ ਬਿਮਾਰ ਪਤਨੀ ਸੀਮਾ ਨੂੰ ਮਿਲਣ ਲਈ ਮਨੁੱਖੀ ਆਧਾਰ 'ਤੇ ਅੰਤਰਿਮ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ ਅਤੇ ਉਸ ਦੀ ਵਿਗੜਦੀ ਸਿਹਤ ਨਾਲ ਸਬੰਧਤ ਮੈਡੀਕਲ ਰਿਪੋਰਟਾਂ ਵੀ ਪੇਸ਼ ਕੀਤੀਆਂ ਹਨ। 4 ਅਗਸਤ ਨੂੰ ਸੁਪਰੀਮ ਕੋਰਟ (Supreme Court) ਨੇ ਅੰਤਰਿਮ ਜ਼ਮਾਨਤ 'ਤੇ ਕੋਈ ਵੀ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅੰਤਰਿਮ ਰਾਹਤ ਅਤੇ ਨਿਯਮਤ ਜ਼ਮਾਨਤ ਦੀਆਂ ਅਰਜ਼ੀਆਂ 'ਤੇ ਸੁਣਵਾਈ ਲਈ 4 ਸਤੰਬਰ ਨੂੰ ਕੇਸ ਨੂੰ ਮੁੜ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ ਸਨ।