ਲਖਨਊ : ਸ਼ਨੀਵਾਰ ਦੇਰ ਰਾਤ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਕਤਲ ਕਰਨ ਵਾਲੇ ਤਿੰਨੋਂ ਸ਼ੂਟਰ ਪੇਸ਼ੇਵਰ ਅਪਰਾਧੀ ਹਨ। ਤਿੰਨੋਂ ਮੁਲਜ਼ਮ ਲੁੱਟ-ਖੋਹ ਅਤੇ ਕਤਲ ਵਰਗੇ ਕਈ ਮਾਮਲਿਆਂ ਵਿੱਚ ਜੇਲ੍ਹ ਵੀ ਜਾ ਚੁੱਕੇ ਹਨ। ਪੁਲਿਸ ਨੇ ਇਨ੍ਹਾਂ ਦੀ ਪਛਾਣ ਸੰਨੀ, ਅਰੁਣ ਅਤੇ ਲਵਲੇਸ਼ ਵਜੋਂ ਕੀਤੀ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅਤੀਕ ਤੇ ਅਸ਼ਰਫ ਦਾ ਕਤਲ ਕਰਨ ਵਾਲਾ ਲਵਲੇਸ਼ ਤਿਵਾੜੀ ਬਾਂਦਾ ਦਾ ਰਹਿਣ ਵਾਲਾ ਹੈ ਜਦਕਿ ਅਰੁਣ ਮੌਰਿਆ ਹਮੀਰਪੁਰ ਦਾ ਰਹਿਣ ਵਾਲਾ ਹੈ। ਤੀਜਾ ਸ਼ੂਟਰ ਸੰਨੀ ਕਾਸਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਤਿੰਨੋਂ ਸ਼ੂਟਰ ਅਤੀਕ ਦੀ ਹੱਤਿਆ ਕਰ ਕੇ ਡਾਨ ਬਣਨਾ ਚਾਹੁੰਦੇ ਸਨ। ਤਿੰਨਾਂ ਨੇ ਆਪਣੇ ਪਰਿਵਾਰ ਨਾਲ ਸਬੰਧ ਖਤਮ ਕਰ ਲਏ ਸਨ।
"ਸਾਡਾ ਲਵਲੇਸ਼ ਦੇ ਨਾਲ ਕੋਈ ਸਬੰਧ ਨਹੀਂ ਰਿਹਾ" : ਅਤੀਕ ਅਤੇ ਅਸ਼ਰਫ ਦਾ ਕਤਲ ਕਰਨ ਵਾਲਾ ਸ਼ੂਟਰ ਲਵਲੇਸ਼ ਬਾਂਦਾ ਸ਼ਹਿਰ ਦੇ ਕੋਤਵਾਲੀ ਕਯੋਤਰਾ ਦਾ ਰਹਿਣ ਵਾਲਾ ਹੈ। ਰਿਸ਼ਤੇਦਾਰਾਂ ਅਨੁਸਾਰ ਲਵਲੇਸ਼ ਦਾ ਘਰ ਨਾਲ ਕੋਈ ਸਬੰਧ ਨਹੀਂ ਰਿਹਾ। ਲਵਲੇਸ਼ ਦੇ ਪਿਤਾ ਨੇ ਦੱਸਿਆ ਕਿ ਲਵਲੇਸ਼ 4 ਭਰਾਵਾਂ 'ਚੋਂ ਤੀਜੇ ਨੰਬਰ 'ਤੇ ਹੈ। ਉਹ ਨਸ਼ੇ ਦਾ ਆਦੀ ਸੀ ਅਤੇ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਵਲੇਸ਼ ਇਕ ਹਫਤਾ ਪਹਿਲਾਂ ਘਰ ਆਇਆ ਸੀ, ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਇਆ।
ਹਮੀਰਪੁਰ ਦਾ ਰਹਿਣ ਵਾਲਾ ਸੰਨੀ ਸਿੰਘ :ਅਤੀਕ ਅਹਿਮਦ ਅਤੇ ਅਸ਼ਰਫ ਨੂੰ ਗੋਲੀ ਮਾਰਨ ਵਾਲੇ ਦੂਜੇ ਸ਼ੂਟਰ ਦਾ ਨਾਂ ਸੰਨੀ ਸਿੰਘ ਹੈ ਅਤੇ ਉਹ ਹਮੀਰਪੁਰ ਦਾ ਰਹਿਣ ਵਾਲਾ ਹੈ। ਸ਼ੂਟਰ ਸੰਨੀ ਦੇ ਭਰਾ ਪਿੰਟੂ ਸਿੰਘ ਨੇ ਦੱਸਿਆ ਕਿ ਸੰਨੀ ਕੋਈ ਕੰਮ ਕਾਰ ਨਹੀਂ ਕਰਦਾ ਸੀ ਅਤੇ ਉਸ ਵਿਰੁੱਧ ਪਹਿਲਾਂ ਵੀ ਕੇਸ ਦਰਜ ਹਨ। ਸੰਨੀ ਦੇ 3 ਭਰਾ ਸਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਸੰਨੀ ਦੇ ਭਰਾ ਉਸ ਤੋਂ ਵੱਖ ਰਹਿੰਦੇ ਹਨ। ਉਹ ਬਚਪਨ ਵਿੱਚ ਘਰੋਂ ਭੱਜ ਗਿਆ ਸੀ।