ਹਰਿਆਣਾ ਖਾਪ ਪ੍ਰਧਾਨ ਅਤੇ ਦਾਦਰੀ ਵਿਧਾਇਕ ਸੋਮਬੀਰ ਸੰਗਵਾਨ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਖਾਪਾਂ ਵੱਲੋਂ ਸਰਬਸੰਮਤੀ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਸਮੱਰਥਨ ਕਰਨ ਦਾ ਫ਼ੈਸਲਾ ਕੀਤਾ ਹੈ। ਖਾਪ ਭਲਕੇ ਇਕੱਠੇ ਹੋਣਗੇ ਅਤੇ ਦਿੱਲੀ ਵੱਲ ਨੂੰ ਕੂਚ ਕਰਨਗੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੜ ਤੋਂ ਇਨ੍ਹਾਂ ਕਾਨੂੰਨਾਂ ਉੱਤੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣਾ ਪ੍ਰਗਟਾਵਾ ਕਰਨ ਦਾ ਅਧਿਕਾਰ ਹੈ।
LIVE: ਕਿਸਾਨ ਜਥੇਬੰਦੀਆਂ ਦੀ ਬੈਠਕ ਖ਼ਤਮ, ਬੁਰਾੜੀ ਖੇਤਰ 'ਚ ਨਹੀਂ ਸਿੰਘੂ ਬਾਰਡਰ 'ਤੇ ਡੱਟੇ ਰਹਿਣਗੇ
17:57 November 29
ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ: ਖਾਪ ਪ੍ਰਧਾਨ
17:49 November 29
ਕਿਸਾਨਾਂ ਦੀਆਂ ਮੰਗਾਂ ਵਾਜਿਬ ਨੇ ਸਰਕਾਰ ਨੂੰ ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ: ਐਚਐਸ ਫੂਲਕਾ
ਕਿਸਾਨਾਂ ਦੇ 'ਦਿੱਲੀ ਚਲੋ' ਵਿਰੋਧ ਪ੍ਰਦਰਸ਼ਨ ਵਿੱਚ ਉਨ੍ਹਾਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ ਲਈ ਸੀਨੀਅਰ ਵਕੀਲ ਐਚਐਸ ਫੂਲਕਾ ਵਕੀਲਾਂ ਨਾਲ ਸੁਪਰੀਮ ਕੋਰਟ ਦੇ ਬਾਹਰ ਇਕੱਠੇ ਹੋਏ। ਐਚਐਸ ਫੂਲਕਾ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧ ਨੂੰ ਰਾਜਨੀਤਿਕ ਰੰਗ ਵਿੱਚ ਰੰਗਣਾ ਗ਼ਲਤ ਹੈ। ਉਨ੍ਹਾਂ ਦੀਆਂ ਮੰਗਾਂ ਵਾਜਿਬ ਹਨ ਅਤੇ ਸਰਕਾਰ ਨੂੰ ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
17:38 November 29
ਕਿਸਾਨਾਂ ਨੂੰ ਅੰਦੋਲਨ ਛੱਡ ਕੇ ਗੱਲਬਾਤ ਦੀ ਚੋਣ ਕਰਨੀ ਚਾਹੀਦੀ ਹੈ: ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ 3 ਦਸੰਬਰ ਨੂੰ ਚੌਥੀ ਵਾਰ ਮੁਲਾਕਾਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਕਿਸਾਨਾਂ ਦੀ ਕੇਂਦਰ ਨਾਲ ਗੱਲਬਾਤ ਪਹਿਲਾਂ ਹੀ ਚੱਲ ਰਹੀ ਹੈ, ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਰਕਾਰ ਇਸ ਲਈ ਤਿਆਰ ਨਹੀਂ ਹੈ। ਸਰਕਾਰ ਗੱਲਬਾਤ ਲਈ ਖੁੱਲੀ ਹੈ, ਕਿਸਾਨ ਯੂਨੀਅਨਾਂ ਨੂੰ ਇਸ ਲਈ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਅੰਦੋਲਨ ਛੱਡ ਦੇਣਾ ਚਾਹੀਦਾ ਹੈ ਅਤੇ ਗੱਲਬਾਤ ਦੀ ਚੋਣ ਕਰਨੀ ਚਾਹੀਦੀ ਹੈ।
17:31 November 29
ਅਸੀਂ ਕਦੇ ਵੀ ਬੁਰਾੜੀ ਨਹੀਂ ਜਾਵਾਂਗੇ: ਕਿਸਾਨ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 3 ਦਸੰਬਰ ਤੋਂ ਪਹਿਲਾਂ ਗੱਲਬਾਤ ਕਰਨ ਦੀ ਪੇਸ਼ਕਸ਼ 'ਤੇ ਬੀਕੇਯੂ ਕ੍ਰਾਂਤੀਕਾਰੀ (ਪੰਜਾਬ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੁੱਲ ਨੇ ਕਿਹਾ ਕਿ ਗੱਲਬਾਤ ਲਈ ਅੱਗੇ ਰੱਖੀ ਗਈ ਸ਼ਰਤ ਕਿਸਾਨਾਂ ਦਾ ਅਪਮਾਨ ਹੈ। ਅਸੀਂ ਕਦੇ ਬੁਰਾੜੀ ਨਹੀਂ ਜਾਵਾਂਗੇ। ਇਹ ਪਾਰਕ ਨਹੀਂ ਬਲਕਿ ਇੱਕ ਖੁੱਲੀ ਜੇਲ੍ਹ ਹੈ।
17:23 November 29
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਵੀ ਕਿਸਾਨਾ ਦੇ ਸਮਰਥਨ 'ਚ ਆਏ
ਹਰਿਆਣਾ ਦੇ ਸਾਬਕਾ ਸੀ.ਐਮ ਭੁਪਿੰਦਰ ਸਿੰਘ ਹੁੱਡਾ ਵੀ ਕਿਸਾਨਾਂ ਦੀ ਹਿਮਾਇਤ ਵਿੱਚ ਆਏ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾ ਦੀ ਸਮੱਸਿਆ ਦਾ ਹੱਲ ਲੱਭਣ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਿੱਦ ਛੱਡ ਕੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ। ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਮੈਂ ਉਨ੍ਹਾਂ ਦਾ ਸਮਰਥਨ ਕਰਦਾ ਹਾਂ।
16:37 November 29
ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਵਰਤੀ ਪਾਬੰਦੀਸ਼ੁਦਾ ਤਾਰ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਚੱਲੋ ਅੰਦੋਲਨ ਤਹਿਤ ਕਿਸਾਨ ਦਿੱਲੀ ਪਹੁੰਚ ਗਏ ਹਨ। ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਵਿੱਚ ਰੋਕਣ ਲਈ ਹਰਿਆਣਾ ਸਰਕਾਰ ਨੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਅਥੱਰੂ ਗੈਸ ਦੇ ਗੋਲੇ ਛੱਡੇ। ਇਹ ਹੀ ਨਹੀਂ ਸਰਕਾਰ ਉਨ੍ਹਾਂ ਨੂੰ ਰੋਕਣ ਲਈ ਪ੍ਰਤੀਬੰਧਿਤ ਤਾਰ ਦੀ ਵਰਤੋਂ ਵੀ ਕੀਤੀ ਹੈ। ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
16:16 November 29
ਕੇਂਦਰ ਸਰਕਾਰ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰੇ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਹੈਂਡਲ ਉੱਤੇ ਟਵੀਟ ਵਿੱਚ ਲਿਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਜਲਦ ਬਿਨਾਂ ਸ਼ਰਤ ਗੱਲਬਾਤ ਕਰੇ।
15:36 November 29
ਕਿਸਾਨਾਂ ਨੇ ਠੁਕਰਾਈ ਗ੍ਰਹਿ ਮੰਤਰੀ ਦੀ ਸ਼ਰਤ
ਕਿਸਾਨ ਆਗੂ ਹਰਮੀਤ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਬੈਠਕ ਦੌਰਾਨ ਫੈਸਲਾ ਲਿਆ ਹੈ ਕਿ ਸਾਰੇ ਹੀ ਬਾਰਡਰ ਅਤੇ ਰੋਡ ਇਹਦਾ ਹੀ ਬਲਾਕ ਰਹਿਣਗੇ। ਇਸ ਦੇ ਨਾਲ ਉਨ੍ਹਾਂ ਕਿਹਾ ਗ੍ਰਹਿ ਮੰਤਰੀ ਨੇ ਉਨ੍ਹਾਂ ਸਾਹਮਣੇ ਜੋ ਸ਼ਰਤ ਰੱਖੀ ਸੀ ਉਸ ਨੂੰ ਉਨ੍ਹਾਂ ਨੇ ਖ਼ਾਰਜ ਕਰ ਦਿੱਤਾ ਹੈ। ਜੇਕਰ ਉਹ ਬਿਨ੍ਹਾਂ ਸ਼ਰਤ ਦੇ ਮੀਟਿੰਗ ਲਈ ਬੁਲਾਉਣਗੇ ਤਾਂ ਉਹ ਜਾਣਗੇ।
15:29 November 29
ਜੇ ਕੋਰੋਨਾ ਕਾਰਨ ਕੋਈ ਖ਼ਤਰਨਾਕ ਸਥਿਤੀ ਪੈਦਾ ਹੋਈ ਤਾਂ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ- ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਉਨ੍ਹਾਂ ਨੇ ਉਨ੍ਹਾਂ ਫੋਨ ਚੁਕਣ ਤੋਂ ਹੀ ਮਨਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਜਦੋਂ ਉਨ੍ਹਾਂ ਨੇ ਸਬੂਤ ਦਿਖਾਇਆ ਤਾਂ ਉਹ ਚੁੱਪ ਹੀ ਰਹਿ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਕਾਰਨ ਕੋਈ ਖਤਰਨਾਕ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਲਈ ਪੰਜਾਬ ਸਰਕਾਰ ਜ਼ਿੰਮਵਾਰ ਹੈ।
15:14 November 29
ਜਿਹੜੀ ਭਾਸ਼ਾ ਪੰਜਾਬ ਦੇ ਮੁੱਖ ਮੰਤਰੀ ਨੇ ਵਰਤੀ ਹੈ ਉਹ ਇੱਕ ਮੁੱਖ ਮੰਤਰੀ ਦੇ ਅਨੁਕੂਲ ਨਹੀਂ: ਖੱਟਰ
ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜਿਹੜੀ ਭਾਸ਼ਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਤੀ ਹੈ ਉਹ ਇੱਕ ਮੁੱਖ ਮੰਤਰੀ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਸੀ ਕਿ ਕੋਰੋਨਾ ਕਾਰਨ ਇਕੱਠ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਮੈਂ ਹੈਰਾਨ ਹਾਂ ਕਿ ਇਸ ਸਮੇਂ ਪੰਜਾਬ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਕਿਉਂ ਦਿੱਤੀ? ਮੈਂ ਅੱਥਰੂ ਗੈੱਸ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਤਾਕਤ ਵਜੋਂ ਨਹੀਂ ਸਮਝਦੇ।
14:03 November 29
ਕਿਸਾਨਾਂ ਆਗੂਆਂ ਦੀ ਬੈਠਕ ਹੋਈ ਖ਼ਤਮ
ਗੁਪਤ ਸਥਾਨ ਉੱਤੇ ਚਲ ਰਹੀ ਕਿਸਾਨ ਆਗੂਆਂ ਦੀ ਮੀਟਿੰਗ ਖ਼ਤਮ ਹੋ ਗਈ ਹੈ। ਬੈਠਕ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਅੰਦੋਲਨ ਦਿੱਲੀ ਦੇ ਬੁਰਾੜੀ ਵਿੱਚ ਸ਼ਿਫਟ ਨਹੀਂ ਕੀਤਾ ਜਾਵੇਗਾ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੁਲਾਕਾਤ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
13:58 November 29
ਕਿਸਾਨਾਂ ਦੇ ਸਮਰਥਨ 'ਚ ਆਏ ਬਜਰੰਗ ਪੂਨੀਆ
ਕਿਸਾਨਾਂ ਦੇ ਸਮਰਥਨ ਵਿੱਚ ਪਹਿਲਵਾਨ ਬਜਰੰਗ ਪੂਨੀਆ ਵੀ ਆਏ ਹਨ। ਬਜਰੰਗ ਪੂਨੀਆ ਨੇ ਟਵੀਟ ਕਰ ਕੇ ਕਿਹਾ ਕਿ ਸਭ ਦਾ ਢਿੱਡ ਭਰਨ ਵਾਲੇ ਅੰਨਦਾਤਾ ਦੇ ਮੌਜੂਦਗੀ ਦੀ ਲੜਾਈ ਹੈ। ਉਨ੍ਹਾਂ ਨੇ ਹਰ ਇੱਕ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ।
13:53 November 29
ਮਨ ਕੀ ਬਾਤ ਪ੍ਰੋਗਰਾਮ ਵਿੱਚ ਪੀਐਮ ਨੇ ਕਿਸਾਨਾਂ ਦਾ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਿਸਾਨਾਂ ਦਾ ਜ਼ਿਕਰ ਕੀਤਾ। ਪੀਐਮ ਨੇ ਕਿਹਾ ਕਿ ਕਾਫੀ ਵਿਚਾਰ ਵਟਾਂਦਰੇ ਬਾਅਦ ਭਾਰਤ ਦੀ ਸੰਸਦ ਨੇ ਖੇਤੀ ਸੁਧਾਰਾਂ ਨੂੰ ਕਾਨੂੰਨੀ ਰੂਪ ਦਿੱਤਾ ਹੈ। ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ਼ ਕਿਸਾਨਾਂ ਦੀਆਂ ਪਰੇਸ਼ਾਨੀਆਂ ਖ਼ਤਮ ਹੋ ਜਾਵੇਗੀ, ਬਲਕਿ ਉਨ੍ਹਾਂ ਨੂੰ ਨਵਾਂ ਅਧਿਕਾਰ ਵੀ ਮਿਲੇਗਾ ਅਤੇ ਨਵੇਂ ਮੌਕੇ ਵੀ ਮਿਲਣਗੇ।
11:39 November 29
ਕਿਸਾਨਾਂ ਦੀ ਬੈਠਕ ਜਾਰੀ
ਨਵੀਂ ਦਿੱਲੀ: ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਹੁਣ ਅੰਦੋਲਨ ਕਰਨ ਲਈ ਦਿੱਲੀ ਪਹੁੰਚ ਚੁੱਕੇ ਹਨ। ਫਿਲਹਾਲ ਅੰਦੋਲਨ ਦੀ ਕੋਈ ਜਗ੍ਹਾ ਤੈਅ ਨਹੀਂ ਹੋ ਪਾਈ ਹੈ। ਬੀਤੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੜਕ 'ਤੇ ਅੰਦੋਲਨ ਕਰਨ ਦੀ ਬਜਾਏ, ਕਿਸੇ ਖਾਸ ਜਗ੍ਹਾ 'ਤੇ ਅੰਦੋਲਨ ਕਰਨ।
ਅਮਿਤ ਸ਼ਾਹ ਦੇ ਪ੍ਰਸਤਾਵ 'ਤੇ, ਕਿਸਾਨ ਸੰਗਠਨ ਦੀ ਬੈਠਕ ਚੱਲ ਰਹੀ ਹੈ। ਕਿਸਾਨ ਹੋਰ ਰਣਨੀਤੀਆਂ ਬਾਰੇ ਵੀ ਵਿਚਾਰ ਵਟਾਂਦਰੇ ਕਰਨਗੇ। ਉਸ ਤੋਂ ਬਾਅਦ, ਸਾਰੀਆਂ ਕਿਸਾਨ ਜੱਥੇਬੰਦੀਆਂ ਦੁਪਹਿਰ 2 ਵਜੇ ਇਕੱਠੀਆਂ ਹੋਣਗੀਆਂ।