ਪੰਜਾਬ/ਨਵੀਂ ਦਿੱਲੀ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਤੋਂ ਔਰਤਾਂ ਦੀ ਖਾੜੀ ਦੇਸ਼ਾਂ ਵਿੱਚ ਤਸਕਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆ। ਉਨ੍ਹਾਂ ਨੇ ਸਦਨ ਨੂੰ ਦੱਸਿਆ ਕਿ ਟਰੈਵਲ ਏਜੰਟ ਔਰਤਾਂ ਨੂੰ ਪੰਜਾਬ ਤੋਂ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਉੱਥੇ ਵੇਚ ਰਹੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਆਪਣੇ ਯਤਨਾਂ ਸਦਕਾ ਖਾੜੀ ਦੇਸ਼ਾਂ ਦੀਆਂ 60 ਦੇ ਕਰੀਬ ਔਰਤਾਂ ਨੂੰ ਭਾਰਤ ਵਾਪਸ ਲਿਆਂਦਾ ਹੈ, ਜਿਨ੍ਹਾਂ ਦੀ ਤਸਕਰੀ ਕੀਤੀ ਗਈ ਸੀ।
ਇੰਝ ਗਰੀਬ ਘਰ ਦੀਆਂ ਕੁੜੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ :ਟਰੈਵਲ ਏਜੰਟ ਗਰੀਬ ਘਰਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਨੂੰ ਫਸਾ ਕੇ ਵਿਜ਼ੀਟਰ ਵੀਜ਼ੇ 'ਤੇ ਖਾੜੀ ਦੇਸ਼ਾਂ 'ਚ ਵੇਚ ਰਹੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਘਰ ਜਾਂ ਰੈਸਟੋਰੈਂਟ ਵਿੱਚ ਕੰਮ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ ਅਤੇ 35 ਤੋਂ 40 ਹਜ਼ਾਰ ਰੁਪਏ ਤਨਖਾਹ ਦਾ ਝੂਠਾ ਭਰੋਸਾ ਦਿੱਤਾ ਜਾਂਦਾ ਹੈ। ਫਿਰ ਔਰਤਾਂ ਨੂੰ ਅਰਬੀ ਵਿਚ ਲਿਖੇ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਲਈ ਕਿਹਾ ਜਾਂਦਾ ਹੈ ਜਿਸ ਦਾ ਉਹ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਇਹ ਟਰੈਵਲ ਏਜੰਟਾਂ ਦਾ ਇੱਕ ਵੱਡਾ ਸਮੂਹ ਹੈ, ਜਿਨ੍ਹਾਂ ਦਾ ਨੈੱਟਵਰਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫੈਲਿਆ ਹੋਇਆ ਹੈ।