ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਨੂੰ ਲੈ ਕੇ ਇੱਕ ਸਾਬਕਾ ਆਈਪੀਐਸ ਦੇ ਟਵਿੱਟਰ ਹੈਂਡਲ ਤੋਂ ਇੱਕ ਵਿਵਾਦਿਤ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਪਹਿਲਵਾਨਾਂ ਨੂੰ ਗੋਲੀ ਮਾਰਨ ਲਈ ਕਿਹਾ ਗਿਆ ਹੈ। ਉਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਪਹਿਲਵਾਨ ਬਜਰੰਗ ਪੂਨੀਆ ਨੇ ਇਸ ਦਾ ਜਵਾਬ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਸੰਸਦ ਭਵਨ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਸਾਨੂੰ ਗੋਲੀ ਮਾਰੋ, ਇਸ ਦੇ ਜਵਾਬ ਵਿੱਚ ਸਾਬਕਾ ਆਈਪੀਐਸ ਦੇ ਟਵਿੱਟਰ ਹੈਂਡਲ ਨੇ ਪਹਿਲਵਾਨਾਂ ਨੂੰ ਗੋਲੀ ਮਾਰਨ ਲਈ ਕਿਹਾ।
ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪਹਿਲਵਾਨਾਂ ਨੇ ਪ੍ਰਦਰਸ਼ਨ ਕਰਨ ਲਈ ਨਵੇਂ ਸੰਸਦ ਭਵਨ ਵੱਲ ਕੂਚ ਕੀਤਾ, ਪਰ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਪਹਿਲਵਾਨ ਅੱਗੇ ਵਧਣ ਲਈ ਅੜੇ ਰਹੇ, ਜਿਸ ਕਾਰਨ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਅਤੇ ਪਹਿਲਵਾਨਾਂ ਵਿਚਾਲੇ ਹੱਥੋਪਾਈ ਹੋ ਗਈ।
ਸਾਬਕਾ ਆਈਪੀਐਸ ਨੇ ਕੀਤਾ ਟਵੀਟ :ਇਸ ਦੌਰਾਨ ਪਹਿਲਵਾਨ ਬੈਰੀਕੇਡਿੰਗ ਤੋੜ ਕੇ ਅੱਗੇ ਵਧੇ। ਉਸੇ ਸਮੇਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਸੀ ਕਿ "ਸਾਨੂੰ ਗੋਲੀ ਮਾਰ ਦਿਓ"। ਇਸ ਦਾ ਜਵਾਬ ਦਿੰਦੇ ਹੋਏ ਸੇਵਾਮੁਕਤ ਆਈਪੀਐਸ ਅਧਿਕਾਰੀ ਡਾਕਟਰ ਐਨਸੀ ਅਸਥਾਨਾ ਨੇ ਟਵੀਟ ਕੀਤਾ, 'ਜੇਕਰ ਲੋੜ ਪਈ ਤਾਂ ਗੋਲੀ ਵੀ ਮਾਰਾਂਗੇ। ਪਰ ਤੁਹਾਡੇ ਕਹਿਣ ਕਰਕੇ ਨਹੀਂ। ਫਿਲਹਾਲ ਤੁਹਾਨੂੰ ਨੂੰ ਕੂੜੇ ਦੀ ਬੋਰੀ ਵਾਂਗ ਖਿੱਚ ਕੇ ਸੁੱਟ ਦਿੱਤਾ ਗਿਆ ਹੈ। ਧਾਰਾ 129 ਤਹਿਤ ਪੁਲਿਸ ਨੂੰ ਗੋਲੀ ਚਲਾਉਣ ਦਾ ਵੀ ਅਧਿਕਾਰ ਹੈ। ਉਚਿਤ ਹਾਲਾਤ ਵਿਚ, ਉਹ ਇੱਛਾ ਵੀ ਪੂਰੀ ਹੋਵੇਗੀ। ਪਰ ਇਹ ਜਾਣਨ ਲਈ ਸਿੱਖਿਅਤ ਹੋਣਾ ਜ਼ਰੂਰੀ ਹੈ। ਫਿਰ ਮਿਲਾਂਗੇ ਪੋਸਟਮਾਰਟਮ ਟੇਬਲ 'ਤੇ !
ਪਹਿਲਵਾਨ ਬਜਰੰਜ ਪੂਨੀਆ ਦਾ ਜਵਾਬ :ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪਹਿਲਵਾਨ ਬਜਰੰਗ ਪੂਨੀਆ ਨੇ ਆਈਪੀਐਸ ਅਧਿਕਾਰੀ ਨੂੰ ਰੀਟਵੀਟ ਕੀਤਾ ਅਤੇ ਕਿਹਾ, "ਇੱਕ ਆਈਪੀਐਸ ਅਧਿਕਾਰੀ ਸਾਨੂੰ ਗੋਲੀ ਮਾਰਨ ਦੀ ਗੱਲ ਕਰ ਰਿਹਾ ਹੈ। ਸਾਹਮਣੇ ਖੜ੍ਹੇ ਹਾਂ, ਦੱਸ ਕਿਥੇ ਆਈਏ ਗੋਲ਼ੀ ਖਾਣ ਵਾਸਤੇ । ਮੈਂ ਸਹੁੰ ਖਾਂਦਾ ਹਾਂ ਕਿ ਮੈਂ ਪਿੱਠ ਨਹੀਂ ਦਿਖਾਵਾਂਗਾ, ਮੈਂ ਤੇਰੀ ਗੋਲੀ ਆਪਣੇ ਸੀਨੇ 'ਤੇ ਖਾਵਾਂਗਾ। ਜੇਕਰ ਸਾਡੇ ਨਾਲ ਕਰਨ ਲਈ ਇਹੀ ਰਹਿ ਗਿਆ ਹੈ ਤਾਂ, ਇਹੀ ਸਹੀ।"
ਦੱਸ ਦੇਈਏ ਕਿ ਨਵੇਂ ਸੰਸਦ ਭਵਨ ਵੱਲ ਮਾਰਚ ਦੌਰਾਨ ਹਿਰਾਸਤ ਵਿੱਚ ਲਏ ਗਏ ਪਹਿਲਵਾਨ ਵਿਨੇਸ਼ ਫੋਗਾਟ, ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਕਸ਼ੀ ਮਲਿਕ ਨੇ ਐਲਾਨ ਕੀਤਾ ਹੈ ਕਿ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹੋਣ ਤੋਂ ਬਾਅਦ ਅਸੀਂ ਮੁੜ ਜੰਤਰ-ਮੰਤਰ 'ਤੇ ਬੈਠਾਂਗੇ, ਫਿਰ ਤੋਂ ਇਨਸਾਫ਼ ਦੀ ਮੰਗ ਤੇਜ਼ ਕਰਾਂਗੇ।