ਮੁੰਬਈ: ਪੁਣੇ ਦੇ ਇੱਕ 43 ਸਾਲਾ ਵਿਅਕਤੀ ਅਤੇ ਉਸ ਦਾ ਪੁੱਤਰ ਇਸ ਸਾਲ ਮਹਾਰਾਸ਼ਟਰ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੈਠੇ ਸਨ, ਜਿਸ ਵਿੱਚ ਪਿਤਾ ਪਾਸ ਹੋ ਗਏ, ਪਰ ਪੁੱਤਰ ਨਹੀਂ ਹੋ ਸਕਿਆ। ਮਹਾਰਾਸ਼ਟਰ ਸਟੇਟ ਬੋਰਡ ਆਫ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜੂਕੇਸ਼ਨ ਵੱਲੋਂ ਕਰਵਾਈ ਗਈ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ। ਭਾਸਕਰ ਵਾਘਮਾਰੇ ਨੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਨੌਕਰੀ ਕਰਨ ਦੀ ਮਜਬੂਰੀ ਕਾਰਨ ਸੱਤਵੀਂ ਜਮਾਤ ਵਿੱਚ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਹ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਸੀ। 30 ਸਾਲਾਂ ਦੇ ਵਕਫੇ ਤੋਂ ਬਾਅਦ ਇਸ ਸਾਲ ਉਸ ਨੇ ਆਪਣੇ ਬੇਟੇ ਦੇ ਨਾਲ ਇਮਤਿਹਾਨ ਦਿੱਤਾ।
ਪੁਣੇ ਸ਼ਹਿਰ ਦੇ ਬਾਬਾ ਸਾਹਿਬ ਅੰਬੇਡਕਰ ਇਲਾਕੇ 'ਚ ਰਹਿਣ ਵਾਲੇ ਵਾਘਮਾਰੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਹਨ। ਉਸ ਨੇ ਸ਼ਨੀਵਾਰ ਸ਼ਾਮ ਪੱਤਰਕਾਰਾਂ ਨੂੰ ਕਿਹਾ, ਮੈਂ ਹਮੇਸ਼ਾ ਤੋਂ ਜ਼ਿਆਦਾ ਪੜ੍ਹਾਈ ਕਰਨਾ ਚਾਹੁੰਦਾ ਸੀ, ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਪਹਿਲਾਂ ਅਜਿਹਾ ਨਹੀਂ ਕਰ ਸਕਿਆ। ਵਾਘਮਾਰੇ ਨੇ ਕਿਹਾ, ਕੁਝ ਸਮੇਂ ਤੋਂ ਮੈਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਅਤੇ ਕੋਈ ਕੋਰਸ ਕਰਨ ਲਈ ਉਤਸੁਕ ਸੀ ਜਿਸ ਨਾਲ ਮੈਨੂੰ ਹੋਰ ਕਮਾਈ ਕਰਨ ਵਿੱਚ ਮਦਦ ਮਿਲੇਗੀ। ਇਸ ਲਈ ਮੈਂ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਮੇਰਾ ਬੇਟਾ ਵੀ ਇਸ ਸਾਲ ਪ੍ਰੀਖਿਆ ਦੇ ਰਿਹਾ ਸੀ ਅਤੇ ਇਸਨੇ ਮੇਰੀ ਮਦਦ ਕੀਤੀ।