ਨਵੀਂ ਦਿੱਲੀ:ਭਾਰਤ ਦੇ ਇੱਕ ਹੋਰ ਦੁਸ਼ਮਣ ਦਾ ਖਾਤਮਾ ਹੋ ਗਿਆ ਹੈ। ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਅਦਨਾਨ ਅਹਿਮਦ ਉਰਫ ਹੰਜਲਾ ਅਦਨਾਨ ਪਾਕਿਸਤਾਨ ਦੇ ਕਰਾਚੀ 'ਚ ਮਾਰਿਆ ਗਿਆ। ਉਹ ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਬੀਐੱਸਐੱਫ ਦੇ ਕਾਫਲੇ 'ਤੇ ਹਮਲੇ 'ਚ ਸ਼ਾਮਲ ਸੀ। ਉਸ ਨੂੰ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਸੀ।
ਘਰ ਬਾਹਰ ਮਾਰੀਆਂ ਗੋਲੀਆਂ: ਮੀਡੀਆ ਰਿਪੋਰਟਾਂ ਮੁਤਾਬਕ ਦੋ ਦਿਨ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ 3 ਦਸੰਬਰ ਦੀ ਰਾਤ ਨੂੰ ਕੁਝ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਲਸ਼ਕਰ ਨੇ ਉਸ ਲਈ ਬਿਹਤਰ ਸੁਰੱਖਿਆ ਪ੍ਰਬੰਧ ਕੀਤੇ ਸਨ, ਫਿਰ ਵੀ ਬੰਦੂਕਧਾਰੀਆਂ ਨੇ ਉਸ ਨੂੰ ਮਾਰ ਦਿੱਤਾ। ਗੋਲੀ ਚੱਲਣ ਵੇਲੇ ਉਹ ਘਰ ਦੇ ਬਾਹਰ ਸੀ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਉਸ ਦੇ ਕਰੀਬੀ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਗਏ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਬੀਐਸਐਫ ਤੇ ਸੀਆਰਪੀਐਫ ਉੱਤੇ ਹਮਲਾ :2015 ਵਿੱਚ ਬੀਐਸਐਫ ਦੇ ਕਾਫ਼ਲੇ ਉੱਤੇ ਹੋਏ ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਸਨ, ਜਦਕਿ 13 ਜਵਾਨ ਜ਼ਖ਼ਮੀ ਹੋ ਗਏ ਸਨ। 2016 ਵਿੱਚ ਪੰਪੋਰ ਵਿੱਚ ਸੀਆਰਪੀਐਫ ਦੇ ਕਾਫਲੇ ਉੱਤੇ ਹੋਏ ਹਮਲੇ ਵਿੱਚ ਵੀ ਹੰਜਲਾ ਦਾ ਨਾਮ ਸਾਹਮਣੇ ਆਇਆ ਸੀ। ਇਸ ਹਮਲੇ 'ਚ 8 ਜਵਾਨ ਸ਼ਹੀਦ ਹੋ ਗਏ ਸਨ, ਜਦਕਿ 22 ਜਵਾਨ ਜ਼ਖਮੀ ਹੋ ਗਏ ਸਨ।