ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।।
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਪਟਨਾ: ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ।
ਸ਼ਸਤਰ ਵਿੱਦਿਆ ਦੇ ਵੀ ਧਨੀ
ਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦੇ ਵੀ ਧਨੀ ਸਨ। ਦਸਮ ਪਾਤਸ਼ਾਹ ਨੇ ਸੰਸਕ੍ਰਿਤ ਦੇ ਨਾਲ-ਨਾਲ ਫ਼ਾਰਸੀ ਦੀ ਵੀ ਪੜ੍ਹਾਈ ਕੀਤੀ। ਗੁਰੂ ਸਾਹਿਬ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ। ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤਾਂ ਭਾਈ ਭੀਖਣ ਸ਼ਾਹ ਨੇ ਉਸ ਦਿਨ ਚੜ੍ਹਦੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕੀਤੀ ਅਤੇ ਉਹ ਇਹ ਜਾਣਨ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸ ਧਰਮ ਦੇ ਵਾਲੀ ਹਨ ਤਾਂ ਉਹ ਆਪਣੇ ਨਾਲ ਗੁਰੂ ਗੋਬਿੰਦ ਦੇ ਦਰਸ਼ਨਾਂ ਲਈ 2 ਦੁੱਧ ਦੇ ਕੌਲੇ ਲੈ ਗਏ ਅਤੇ ਗੁਰੂ ਸਾਹਿਬ ਅੱਗੇ ਕਰ ਕੇ ਪੁੱਛਿਆ ਕਿ ਤੁਸੀਂ ਕਿਸ ਧਰਮ ਦੇ ਪੈਗੰਬਰ ਹੋ ਤਾਂ ਬਾਲ ਗੋਬਿੰਦ ਜੀ ਨੇ ਦੋਹਾਂ ਕੌਲਿਆਂ ਉੱਤੇ ਹੱਥ ਰੱਖ ਦਿੱਤਾ। ਇਸ ਤੋਂ ਭੀਖਣ ਸ਼ਾਹ ਸਮਝ ਗਏ ਕਿ ਇਹ ਕੋਈ ਆਮ ਅਵਤਾਰ ਨਹੀਂ ਹਨ।
ਸ਼ਸਤਰ ਵਿੱਦਿਆ ਦੇ ਨਾਲ-ਨਾਲ ਗੁਰੂ ਸਾਹਿਬ ਜੀ ਘੋੜ ਸਵਾਰੀ ਵਿੱਚ ਵੀ ਨਿਪੁੰਨ ਸਨ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਈ ਜੰਗਾਂ ਲੜੀਆਂ ਅਤੇ ਹਰ ਜੰਗ ਵਿੱਚ ਫ਼ਤਿਹ ਕੀਤੀ। ਗੁਰੂ ਸਾਹਿਬ ਜੀ ਦਾ ਇੱਕੋ-ਇੱਕ ਮਕਸਦ ਸੀ ਕਿ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਕਰਨਾ। ਇਸ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਤੱਕ ਨੂੰ ਕੁਰਬਾਨ ਕਰ ਦਿੱਤਾ। ਇਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਕੀਤੀ, ਜਦੋਂ ਔਰੰਗਜ਼ੇਬ ਨੇ ਕਸਮ ਖਾ ਰੱਖੀ ਸੀ ਕਿ ਉਹ ਪੂਰੇ ਮੂਲਕ ਨੂੰ ਮੁਸਲਮਾਨ ਬਣਾ ਦੇਵੇਗਾ ਤਾਂ ਕਸ਼ਮੀਰੀ ਪੰਡਿਤਾਂ ਦੀ ਅਰਜ਼ੋਈ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹੀ ਛੋਟੀ ਉਮਰੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦੀ ਬੇਨਤੀ ਕੀਤੀ ਸੀ।
ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਜੰਗ ਭੰਗਾਣੀ ਦੀ ਜੰਗ 19 ਸਾਲ ਦੀ ਉਮਰ ਵਿੱਚ ਹਿੰਦੂ ਰਾਜੇ ਭੀਮ ਚੰਦ ਅਤੇ ਮੁਗਲ ਸਮਰਾਟ ਫ਼ਤਿਹ ਖ਼ਾਨ ਅਤੇ ਹੋਰ ਪਹਾੜੀਆਂ ਰਾਜਿਆਂ ਵਿਰੁੱਧ ਲੜੀ ਅਤੇ ਉਸ ਜੰਗ ਵਿੱਚ ਫ਼ਤਿਹ ਪ੍ਰਾਪਤ ਕੀਤੀ। ਬੱਸ ਇਸ ਤੋਂ ਉਨ੍ਹਾਂ ਦੀ ਜੰਗਾਂ ਦਾ ਅਤੇ ਫ਼ਤਿਹ ਦਾ ਸਿਲਸਿਲਾ ਜਾਰੀ ਹੀ ਰਿਹਾ ਜਿਸ ਤੋਂ ਸਾਰਾ ਜੱਗ ਜਾਣੂ ਹੈ।