ਹੈਦਰਾਬਾਦ: ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਪੁੱਤਰ ਅਤੇ ਮੰਤਰੀ ਕੇ.ਟੀ. ਰਾਮਾ ਰਾਓ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪੋਨਾਲਾ ਲਕਸ਼ਮਈਆ (Ponnala Lakshmaiah) ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ ਅਤੇ ਉਨ੍ਹਾਂ ਨੂੰ ਬੀਆਰਐਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਲਕਸ਼ਮਈਆ ਨੇ ਕਿਹਾ ਕਿ ਉਹ ਐਤਵਾਰ ਨੂੰ ਕੇਸੀਆਰ ਨਾਲ ਮੁਲਾਕਾਤ ਕਰਨਗੇ ਅਤੇ ਉਸ ਤੋਂ ਬਾਅਦ ਕੋਈ ਫੈਸਲਾ ਲੈਣਗੇ। ਮੀਟਿੰਗ ਤੋਂ ਬਾਅਦ ਰਾਮਾ ਰਾਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਕੇਸੀਆਰ ਦੇ ਨਿਰਦੇਸ਼ਾਂ ਅਨੁਸਾਰ ਉਹ ਲਕਸ਼ਮਈਆ ਨੂੰ ਮਿਲੇ ਅਤੇ ਉਨ੍ਹਾਂ ਨੂੰ ਬੀਆਰਐਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਰਾਮਾ ਰਾਓ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਉਨ੍ਹਾਂ (ਲਕਸ਼ਮਈਆ) ਨੂੰ ਅੱਜ (ਐਤਵਾਰ) ਮੁੱਖ ਮੰਤਰੀ ਕੇਸੀਆਰ ਨੂੰ ਮਿਲਣ ਅਤੇ 16 ਅਕਤੂਬਰ ਨੂੰ ਜਨਗਾਂਵ ਵਿੱਚ ਹੋਣ ਵਾਲੀ ਜਨਤਕ ਮੀਟਿੰਗ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਉਹ ਮੁੱਖ ਮੰਤਰੀ ਨੂੰ ਮਿਲਣ ਲਈ ਰਾਜ਼ੀ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਲਕਸ਼ਮਈਆ ਬੀਆਰਐਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਸਨਮਾਨ ਮਿਲੇਗਾ। ਤੇਲੰਗਾਨਾ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ, ਕਾਂਗਰਸ ਨੂੰ ਉਦੋਂ ਕਰਾਰਾ ਝਟਕਾ ਲੱਗਾ ਜਦੋਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਪੋਨਾਲਾ ਲਕਸ਼ਮਈਆ ਨੇ ਸ਼ੁੱਕਰਵਾਰ ਨੂੰ ਪਾਰਟੀ ਅੰਦਰ 'ਬੇਇਨਸਾਫ਼ੀ ਵਾਲੇ ਮਾਹੌਲ' ਦਾ ਦੋਸ਼ ਲਾਉਂਦਿਆਂ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ।
ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਭੇਜਿਆ ਹੈ। ਲਕਸ਼ਮਈਆ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਦੋਸ਼ ਲਾਇਆ ਕਿ ਜਦੋਂ ਤੇਲੰਗਾਨਾ ਤੋਂ 50 ਪੱਛੜੀਆਂ ਸ਼੍ਰੇਣੀਆਂ ਦੇ ਨੇਤਾਵਾਂ ਦਾ ਇੱਕ ਸਮੂਹ ਵਰਗ ਨੂੰ ਤਰਜੀਹ ਦੇਣ ਦੀ ਬੇਨਤੀ ਕਰਨ ਲਈ ਦਿੱਲੀ ਗਿਆ ਸੀ, ਤਾਂ ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਨੇਤਾਵਾਂ ਨੂੰ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਉਸ ਸੂਬੇ ਲਈ ਨਮੋਸ਼ੀ ਵਾਲੀ ਗੱਲ ਹੈ ਜੋ ਆਪਣੇ ਸਵੈ-ਮਾਣ 'ਤੇ ਮਾਣ ਕਰਦਾ ਹੈ।
ਰਾਮਾ ਰਾਓ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਪੱਛੜੀਆਂ ਸ਼੍ਰੇਣੀਆਂ ਦੇ ਕਈ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਗਿਆ ਹੈ। ਲਕਸ਼ਮਈਆ ਦਾ ਅਸਤੀਫਾ ਕਾਂਗਰਸ ਵੱਲੋਂ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰਨ ਦੀਆਂ ਤਿਆਰੀਆਂ ਦੌਰਾਨ ਆਇਆ ਹੈ।