ਹੈਦਰਾਬਾਦ:ਤੇਲੰਗਾਨਾ ਵਿਧਾਨ ਸਭਾ ਚੋਣਾਂ 2023 ਲਈ ਚੋਣ ਪ੍ਰਚਾਰ ਆਪਣੇ ਸਿਖਰ 'ਤੇ ਹੈ। ਸਾਰੀਆਂ ਪਾਰਟੀਆਂ ਦੇ ਦਿੱਗਜ ਆਗੂ ਚੋਣ ਮੈਦਾਨ ਵਿੱਚ ਹਨ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਪਸੀਨਾ ਵਹਾ ਰਹੇ ਹਨ। ਭਾਜਪਾ ਦੇ ਸਾਰੇ ਨੇਤਾ ਇਨ੍ਹੀਂ ਦਿਨੀਂ ਸੂਬੇ 'ਚ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਜਾਣਕਾਰੀ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਇੱਕ ਰੈਲੀ ਨੂੰ ਸੰਬੋਧਨ ਕੀਤਾ।
ਉਥੇ ਹੀ ਇਸ ਤੋਂ ਪਹਿਲਾਂ ਹੈਦਰਾਬਾਦ ਦੇ ਸੋਮਾਜੀਗੁਡਾ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਸ਼ਾਹ ਨੇ ਸੂਬੇ ਦੇ ਮੁੱਖ ਮੰਤਰੀ ਕੇਸੀਆਰ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਤੇਲੰਗਾਨਾ ਵਿੱਚ ਜ਼ਮੀਨ ਦੀ ਨਿਲਾਮੀ ਵਿੱਚ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਆਊਟਰ ਰਿੰਗ ਰੋਡ ਲੀਜ਼ ਨਿਲਾਮੀ ਅਤੇ ਕਲੇਸ਼ਵਰਮ ਪ੍ਰਾਜੈਕਟ ਵਿੱਚ ਵੀ ਵੱਡਾ ਘਪਲਾ ਹੋਇਆ ਹੈ।
ਕੇਸੀਆਰ 'ਤੇ ਜ਼ੋਰਦਾਰ ਹਮਲਾ: ਸੀਐਮ ਕੇਸੀਆਰ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਲੋਕਾਂ ਦਾ ਇੱਥੇ ਬੀਆਰਐਸ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ। ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੇਸੀਆਰ ਨੇ ਦਾਅਵਾ ਕੀਤਾ ਸੀ ਕਿ ਉਹ ਇਕ ਲੱਖ ਨੌਕਰੀਆਂ ਦੇਣਗੇ ਪਰ ਉਹ ਇਹ ਵਾਅਦਾ ਪੂਰਾ ਨਹੀਂ ਕਰ ਸਕੇ। ਨੌਕਰੀ ਦੀ ਪ੍ਰੀਖਿਆ ਦੇ ਪੇਪਰ ਲੀਕ ਹੋ ਗਏ ਅਤੇ ਇੱਕ ਘੁਟਾਲਾ ਹੋ ਗਿਆ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਵਾਅਦਾ ਵੀ ਕੋਰਾ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਬੀਆਰਐਸ ਨੇ ਬੇਰੁਜ਼ਗਾਰਾਂ ਨੂੰ 3000 ਰੁਪਏ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਵੀ ਪੂਰਾ ਨਹੀਂ ਹੋ ਸਕਿਆ।
ਬੀਆਰਐਸ ਨੇ ਇੱਕ ਵੀ ਵਾਅਦਾ ਨਹੀਂ ਕੀਤਾ ਪੂਰਾ:ਬੀਆਰਐਸ ਸਰਕਾਰ ’ਤੇ ਦੋਸ਼ ਲਾਉਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਕੇਸੀਆਰ ਸਰਕਾਰ ਨੇ ਚਾਰ ਮਲਟੀ-ਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਗੱਲ ਕੀਤੀ ਸੀ, ਪਰ ਇਹ ਵੀ ਭੁੱਲ ਗਏ। ਸ਼ਾਹ ਨੇ ਕਿਹਾ ਕਿ ਤੇਲੰਗਾਨਾ ਮੁਕਤੀ ਦਿਵਸ ਵੀ ਨਹੀਂ ਮਨਾਇਆ ਜਾ ਰਿਹਾ ਹੈ। MIM ਦੇ ਡਰ ਕਾਰਨ ਮੁਸਲਿਮ ਰਾਖਵਾਂਕਰਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਤੇਲੰਗਾਨਾ ਵਿਧਾਨ ਸਭਾ ਚੋਣਾਂ 2023 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਧਾਰਮਿਕ ਰਾਖਵਾਂਕਰਨ ਖਤਮ ਕਰੇਗੀ। ਸ਼ਾਹ ਨੇ ਕਿਹਾ ਕਿ ਅਸੀਂ 2023 ਦੀਆਂ ਚੋਣਾਂ ਤੋਂ ਬਾਅਦ ਬੀਆਰਐਸ ਸਰਕਾਰ ਦਾ ਤਖਤਾ ਪਲਟਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਆਰਐਸ, ਕਾਂਗਰਸ ਅਤੇ ਐਮਆਈਐਮ ਸਾਰੀਆਂ ਪਰਿਵਾਰਕ ਪਾਰਟੀਆਂ ਹਨ।
ਪੈਟਰੋਲ ਅਤੇ ਡੀਜ਼ਲ 'ਤੇ ਘੱਟ ਕਰਾਂਗੇ ਵੈਟ: ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ 2023 'ਚ ਤੇਲੰਗਾਨਾ ਚੋਣਾਂ ਜਿੱਤਦੀ ਹੈ ਤਾਂ ਚੌਲਾਂ ਦੀ ਕੀਮਤ 3100 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬੇ 'ਚ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵੀ ਘੱਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੜਕੀਆਂ ਦੇ ਨਾਂ 'ਤੇ 20 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਵੀ ਕਰੇਗੀ।