ਹੈਦਰਾਬਾਦ: ਅਧਿਆਪਕ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੁੰਦੇ ਹਨ। ਸਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਲਈ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਅਹਿਮ ਭੂਮਿਕਾ ਨਿਭਾਉਦੇ ਹਨ। ਅਧਿਆਪਕਾਂ ਦੇ ਇਸ ਯੋਗਦਾਨ ਦਾ ਸਨਮਾਨ ਅਤੇ ਧੰਨਵਾਦ ਕਰਨ ਲਈ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ 'ਤੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਅਧਿਆਪਕ ਦਿਵਸ ਮਨਾਉਣ ਲਈ ਹਰ ਦੇਸ਼ 'ਚ ਵੱਖ-ਵੱਖ ਤਰੀਕਾਂ: ਅਧਿਆਪਕ ਦਿਵਸ ਹਰ ਦੇਸ਼ ਵਿੱਚ ਵੱਖ-ਵੱਖ ਤਰੀਕਾਂ ਨੂੰ ਮਨਾਇਆ ਜਾਂਦਾ ਹੈ। ਜਿਵੇਂ ਕਿ ਅਮਰੀਕਾ ਵਿੱਚ ਇਹ ਮਈ ਦੇ ਪਹਿਲੇ ਹਫ਼ਤੇ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦਾ ਹੈ। ਥਾਈਲੈਂਡ ਵਿੱਚ 16 ਜਨਵਰੀ, ਈਰਾਨ ਵਿੱਚ 2 ਮਈ, ਤੁਰਕੀ ਵਿੱਚ 24 ਨਵੰਬਰ ਅਤੇ ਮਲੇਸ਼ੀਆ ਵਿੱਚ 16 ਮਈ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਅਤੇ ਚੀਨ 10 ਸਤੰਬਰ ਨੂੰ ਅਧਿਆਪਕ ਦਿਵਸ ਮਨਾਉਂਦਾ ਹੈ।
ਅਧਿਆਪਕ ਦਿਵਸ ਕੀ ਹੈ?ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰਦਾ ਹੈ। ਅਧਿਆਪਕ ਸਾਨੂੰ ਨਾ ਸਿਰਫ਼ ਕਿਤਾਬੀ ਗਿਆਨ ਤੋਂ ਜਾਣੂ ਕਰਵਾਉਂਦੇ ਹਨ, ਸਗੋਂ ਸਾਨੂੰ ਅਸਲ ਜ਼ਿੰਦਗੀ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਬਾਰੇ ਵੀ ਜਾਣਕਾਰੀ ਦਿੰਦੇ ਹਨ। ਭਾਰਤੀ ਵਿਦਿਅਕ ਸੰਸਥਾਵਾਂ 'ਚ ਅਧਿਆਪਕ ਦਿਵਸ ਇੱਕ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਸਾਡੇ ਆਲੇ-ਦੁਆਲੇ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ, ਜਿਨ੍ਹਾਂ ਤੋਂ ਅਸੀਂ ਹਮੇਸ਼ਾ ਕੁਝ ਨਾ ਕੁਝ ਸਿੱਖ ਸਕਦੇ ਹਾਂ। ਘਰ ਵਿੱਚ ਮਾਤਾ-ਪਿਤਾ, ਬਜ਼ੁਰਗ, ਗੁਆਂਢੀ, ਦੋਸਤ-ਮਿੱਤਰ ਵੀ ਸਾਡੇ ਸਭ ਤੋਂ ਚੰਗੇ ਅਧਿਆਪਕ ਹੁੰਦੇ ਹਨ, ਕਿਉਂਕਿ ਸਾਨੂੰ ਉਨ੍ਹਾਂ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ।
ਅਧਿਆਪਕ ਦਿਵਸ ਸਿਰਫ਼ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ?: ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠਦਾ ਹੈ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਕਿਉਂ ਮਨਾਇਆ ਜਾਂਦਾ ਹੈ? ਅੱਜ ਦੇ ਦਿਨ 1888 ਵਿੱਚ ਆਜ਼ਾਦ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਤਾਮਿਲਨਾਡੂ ਦੇ ਤਿਰੁਮਨੀ ਪਿੰਡ ਵਿੱਚ ਹੋਇਆ ਸੀ। ਦੂਜੇ ਰਾਸ਼ਟਰਪਤੀ ਹੋਣ ਤੋਂ ਇਲਾਵਾ ਉਹ ਪਹਿਲੇ ਉਪ ਰਾਸ਼ਟਰਪਤੀ, ਇੱਕ ਦਾਰਸ਼ਨਿਕ, ਇੱਕ ਭਾਰਤ ਰਤਨ ਵਿਭੂਸ਼ਿਤ, ਭਾਰਤੀ ਸੰਸਕ੍ਰਿਤੀ ਦੇ ਸਲਾਹਕਾਰ ਅਤੇ ਇੱਕ ਵਿਦਵਾਨ ਅਧਿਆਪਕ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਹਰ ਕਿਸੇ ਨੂੰ ਸਿੱਖਿਆ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਕੁੱਝ ਨਾ ਕੁੱਝ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ।
ਅਧਿਆਪਕ ਦਿਵਸ ਦੀ ਸ਼ੁਰੂਆਤ: ਕਿਹਾ ਜਾਂਦਾ ਹੈ ਕਿ ਇਕ ਵਾਰ ਉਨ੍ਹਾਂ ਦੇ ਚੇਲੇ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਮਨਾਉਣ ਦੀ ਕਾਮਨਾ ਕੀਤੀ ਸੀ। ਇਸ ਸਬੰਧੀ ਜਦੋਂ ਡਾ: ਰਾਧਾਕ੍ਰਿਸ਼ਨਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰਾ ਜਨਮ ਦਿਨ ਵੱਖਰੇ ਤੌਰ 'ਤੇ ਮਨਾਉਣ ਦੀ ਬਜਾਏ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ। ਉਦੋਂ ਤੋਂ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। 1962 ਵਿੱਚ ਪਹਿਲੀ ਵਾਰ ਅਧਿਆਪਕ ਦਿਵਸ ਮਨਾਇਆ ਗਿਆ ਸੀ।