ਜੰਮੂ :ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਇਕ ਸਰਕਾਰੀ ਸਕੂਲ ਦੇ ਇਕ ਅਧਿਆਪਕ ਨੂੰ 10ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਕਲਾਸ ਦੇ ਅੰਦਰ ਬੋਰਡ 'ਤੇ ਧਾਰਮਿਕ ਨਾਅਰਾ ਲਿਖਿਆ ਸੀ ਜਿਸ 'ਤੇ ਕਥਿਤ ਤੌਰ 'ਤੇ ਉਸ ਦੀ ਕੁੱਟਮਾਰ ਕੀਤੀ ਗਈ। ਮਾਮਲਾ ਪੁਲਿਸ ਦੇ ਧਿਆਨ ਵਿੱਚ ਆਉਂਦੇ ਹੀ ਫੌਰੀ ਕਾਰਵਾਈ ਕਰਦਿਆਂ ਉਕਤ ਅਧਿਆਪਕ ਨੂੰ ਸਰੀਰਕ ਸਜ਼ਾ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ: ਪੁਲਿਸ ਅਨੁਸਾਰ ਸਰਕਾਰੀ ਹਾਇਰ ਸੈਕੰਡਰੀ ਸਕੂਲ (ਬਾਣੀ) ਦੇ ਪ੍ਰਿੰਸੀਪਲ 'ਤੇ ਵੀ ਨਾਬਾਲਗ ਦੀ ਕੁੱਟਮਾਰ ਕਰਨ ਦਾ ਦੋਸ਼ ਹੈ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਵਿਦਿਆਰਥੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਧਰ ਦੂਜੇ ਪਾਸੇ ਕਠੂਆ ਦੇ ਡਿਪਟੀ ਕਮਿਸ਼ਨਰ ਰਾਕੇਸ਼ ਮਿਨਹਾਸ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਨੇ ਦੱਸਿਆ ਕਿ 25 ਅਗਸਤ ਨੂੰ ਪੀੜਤ ਨੌਜਵਾਨ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਬੇਟੇ ਦੀ ਅਧਿਆਪਕ ਫਾਰੂਕ ਅਹਿਮਦ ਅਤੇ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਹਫੀਜ਼ ਵੱਲੋਂ ਕੁੱਟਮਾਰ ਕੀਤੀ ਗਈ ਸੀ। ਜਿਸ 'ਤੇ ਬਾਲ ਨਿਆਂ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਬਾਣੀ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਸਥਾਨਕ ਐੱਸਐੱਚਓ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕ ਨੂੰ ਗਿਰਫ਼ਤਾਰ ਕੀਤਾ ਗਿਆ।