ਸ਼੍ਰੀਨਗਰ (ਜੰਮੂ-ਕਸ਼ਮੀਰ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲਾਨਾ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਅਰਧ ਸੈਨਿਕ ਬਲਾਂ ਦੀਆਂ ਬਾਕੀ ਕੰਪਨੀਆਂ ਦੀ ਤਾਇਨਾਤੀ ਨੂੰ ਹੋਰ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਸਰਕਾਰ ਨੂੰ ਕਸ਼ਮੀਰ ਘਾਟੀ 'ਚ ਪੁਲਿਸ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਟਾਰਗੇਟ ਕਿਲਿੰਗ ਦੇ ਕੋਝੇ ਚੱਕਰ ਨੂੰ ਰੋਕਿਆ ਜਾ ਸਕੇ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਮਰਨਾਥ ਦੀ ਸਾਲਾਨਾ ਯਾਤਰਾ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰਸ਼ੁਦਾ ਅਰਧ ਸੈਨਿਕ ਬਲਾਂ ਦੀਆਂ 350 ਵਾਧੂ ਕੰਪਨੀਆਂ 'ਚੋਂ 150 ਪਹਿਲਾਂ ਹੀ ਜੰਮੂ-ਕਸ਼ਮੀਰ ਪਹੁੰਚ ਚੁੱਕੀਆਂ ਹਨ, ਜਦਕਿ 200 ਹੋਰ ਕੰਪਨੀਆਂ 10 ਤੋਂ 20 ਜੂਨ ਦੇ ਵਿਚਕਾਰ ਪੁੱਜਣੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਕੰਪਨੀਆਂ ਦੀ ਤਾਇਨਾਤੀ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ 15 ਜੂਨ ਤੋਂ ਪਹਿਲਾਂ ਘਾਟੀ ਵਿੱਚ ਤਾਇਨਾਤ ਕਰ ਦਿੱਤਾ ਜਾਵੇਗਾ।
ਅਮਰਨਾਥ ਯਾਤਰਾ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ ਵਾਧੂ ਕੰਪਨੀਆਂ ਦੀ ਤਾਇਨਾਤੀ ਦੇ ਨਾਲ-ਨਾਲ ਪ੍ਰਸ਼ਾਸਨ ਕਸ਼ਮੀਰ 'ਚ ਟਾਰਗੇਟ ਕਿਲਿੰਗ 'ਤੇ ਕਾਬੂ ਪਾਉਣ ਲਈ ਇਨ੍ਹਾਂ ਕੰਪਨੀਆਂ ਦੀ ਵਰਤੋਂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ 'ਚੋਂ ਕੁਝ ਕੰਪਨੀਆਂ ਦੀ ਵਰਤੋਂ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਵੀ ਕੀਤੀ ਜਾਵੇਗੀ।