ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੀ ਸਥਿਤੀ 'ਤੇ ਚਰਚਾ ਕਰਨ ਲਈ 3 ਜੂਨ ਨੂੰ ਉਪ ਰਾਜਪਾਲ ਮਨੋਜ ਸਿਨਹਾ ਅਤੇ ਹੋਰਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀ ਬੈਠਕ 'ਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਵਾਦੀ ਵਿੱਚ ਅੱਤਵਾਦੀਆਂ ਵੱਲੋਂ ਹਿੰਦੂ ਸਰਕਾਰੀ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਹੋ ਰਹੀ ਹੈ। ਅਮਰਨਾਥ ਯਾਤਰਾ ਇਸ ਮਹੀਨੇ ਦੇ ਅੰਤ ਤੋਂ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ 'ਤੇ ਉੱਚ ਪੱਧਰੀ ਬੈਠਕ ਕੀਤੀ। ਦੱਸ ਦਈਏ ਕਿ ਸ਼ਾਹ ਨੇ ਇਹ ਬੈਠਕ ਘਾਟੀ 'ਚ ਅੱਤਵਾਦੀਆਂ ਦੁਆਰਾ ਕੀਤੇ ਜਾ ਰਹੇ ਟਾਰਗੇਟ ਕਿਲਿੰਗ ਦੇ ਵਿਚਕਾਰ ਬੁਲਾਈ ਸੀ, ਜਿਸ 'ਚ NSA ਅਜੀਤ ਡੋਭਾਲ ਅਤੇ ਰਾਅ ਚੀਫ਼ ਸਾਮੰਤ ਕੁਮਾਰ ਗੋਇਲ ਨੇ ਵੀ ਸ਼ਿਰਕਤ ਕੀਤੀ ਸੀ। ਵੀਰਵਾਰ ਨੂੰ ਹੀ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸ਼ੱਕੀ ਅੱਤਵਾਦੀਆਂ ਨੇ ਰਾਜਸਥਾਨ ਦੇ ਇਕ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।