ਨਵੀਂ ਦਿੱਲੀ: ਤਾਮਿਲਨਾਡੂ ਦੀ ਰਾਜਨੀਤੀ ਵਿੱਚ ਕਦਮ ਰੱਖਣ ਦੀ ਗੱਲ ਕਹਿ ਕੇ ਹੰਗਾਮਾ ਮਚਾਉਣ ਤੋਂ ਬਾਅਦ 70 ਸਾਲਾ ਮੈਗਾਸਟਾਰ ਰਜਨੀਕਾਂਤ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ ਨਹੀਂ ਕਰਨਗੇ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਵਲੋਂ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ 31 ਦਸੰਬਰ ਨੂੰ ਕੀਤਾ ਜਾਵੇਗਾ।
ਤਮਿਲ ਸੁਪਰਸਟਾਰ ਰਜਨੀਕਾਂਤ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਚੁਣਾਵੀਂ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿੱਚ ਸ਼ਾਮਲ ਹੋਏ ਬਿਨਾਂ ਹੀ ਜਨਤਾ ਦੀ ਸੇਵਾ ਕਰਨਗੇ।
ਇੱਕ ਬਿਆਨ ਜਾਰੀ ਕਰਦਿਆ ਰਜਨੀਕਾਂਤ ਨੇ ਕਿਹਾ ਕਿ, 'ਮੈਂ ਬਹੁਤ ਦੁੱਖ ਨਾਲ ਕਹਿ ਰਿਹਾ ਹਾਂ ਕਿ ਮੈਂ ਰਾਜਨੀਤੀ ਵਿੱਚ ਨਹੀਂ ਆ ਸਕਦਾ। ਮੈਨੂੰ ਪਤਾ ਹੈ ਕਿ ਇਹ ਐਲਾਨ ਮੈਂ ਬਹੁਤ ਹੀ ਦੁਖੀ ਮਨ ਨਾਲ ਕਰ ਰਿਹਾ ਹਾਂ। ਮੇਰੇ ਫੈਸਲੇ ਨਾਲ ਮੇਰੇ ਫੈਨਸ ਅਤੇ ਲੋਕਾਂ ਨੂੰ ਨਿਰਾਸ਼ਾ ਹੋਵੇਗੀ, ਪਰ ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਉ।'
ਦੱਸਣਯੋਗ ਹੈ ਕਿ ਸੁਪਰਸਟਾਰ ਰਜਨੀਕਾਂਤ ਆਪਣੀ ਇਕ ਫਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ਵਿੱਚ ਹਨ। ਇਸ ਦੌਰਾਨ ਸ਼ੁਕਰਵਾਰ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਚੱਲਦਿਆ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੋ ਐਤਵਾਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਹਸਪਤਾਲ ਤੋਂ ਆਉਣ ਤੋਂ ਬਾਅਦ, ਉਨ੍ਹਾਂ ਨੇ ਚੋਣ ਰਾਜਨੀਤੀ ਵਿੱਚ ਦਾਖਲ ਨਾ ਹੋਣ ਦਾ ਐਲਾਨ ਕੀਤਾ ਹੈ, ਜਦਕਿ ਮਹੀਨੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ 31 ਦਸੰਬਰ ਤੱਕ ਆਪਣੀ ਪਾਰਟੀ ਦਾ ਐਲਾਨ ਕਰਨਗੇ ਅਤੇ ਇਸ ਦੀ ਸ਼ੁਰੂਆਤ ਜਨਵਰੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਦੀ ਚੁਣਾਵੀਂ ਰਾਜਨੀਤਕ ਪਾਰੀ ਦੀ ਸ਼ੁਰੂਆਤ ਦੀ ਸੰਭਾਵਨਾ ਨੇ ਤਾਮਿਲਨਾਡੂ ਦੀ ਰਾਜਨੀਤੀ ਵਿਚ ਹਲਚਲ ਪੈਦਾ ਕਰ ਦਿੱਤੀ।
ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਜੇ ਰਜਨੀਕਾਂਤ ਰਾਜਨੀਤੀ ਵਿੱਚ ਆਉਂਦੇ ਹਨ, ਤਾਂ ਗੱਠਜੋੜ ਦੀ ਤਸਵੀਰ ਕੀ ਹੋਵੇਗੀ? ਕੀ ਉਹ ਕਿਸੇ ਪਾਰਟੀ ਨੂੰ ਚੁੱਣਨਗੇ ਜਾਂ ਨਹੀਂ?
ਜ਼ਿਕਰੇਖਾਸ ਹੈ ਕਿ ਅਪ੍ਰੈਲ-ਮਈ ਤੱਕ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦਾ 34ਵਾਂ ਦਿਨ: ਭਲਕੇ ਹੋਵੇਗੀ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਬੈਠਕ