ਚੇਨਈ: ਤਾਮਿਲਨਾਡੂ ਪੁਲਿਸ ਨੇ ਰਾਜ ਦੇ ਵੇਲੋਰ ਫੋਰਟ ਕੰਪਲੈਕਸ ਵਿੱਚ ਇੱਕ ਔਰਤ ਨੂੰ ਸਿਰ ਦਾ ਹਿਜ਼ਾਬ ਉਤਾਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਵਿੱਚ ਇੱਕ ਨਾਬਾਲਗ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੇਲੋਰ ਦੇ ਐੱਸਪੀ ਐੱਸ ਰਾਜੇਸ਼ ਕੰਨਨ ਨੇ ਦੱਸਿਆ ਕਿ ਜਾਣਬੁੱਝ ਕੇ ਬੇਇੱਜ਼ਤੀ ਅਤੇ ਬਦਨਾਮ ਕਰਨ ਦੇ ਇਲਜ਼ਾਮ 'ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐੱਸਪੀ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਨੇ ਨਿੱਜੀ ਆਜ਼ਾਦੀ ਦੇ ਖਿਲਾਫ ਕੰਮ ਕੀਤਾ।
ਪੁਲਿਸ ਨੇ ਮੁਲਜ਼ਮ ਕੀਤੇ ਗ੍ਰਿਫ਼ਤਾਰ: ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਤੋਸ਼, ਇਮਰਾਨ ਪਾਸ਼ਾ, ਮੁਹੰਮਦ ਫੈਸਲ, ਇਬਰਾਹਿਮ ਬਾਸ਼ਾ, ਮੁਹੰਮਦ ਫੈਸਲ ਅਤੇ ਸੀ ਪ੍ਰਸ਼ਾਂਤ ਵਜੋਂ ਹੋਈ ਹੈ। ਗ੍ਰਿਫਤਾਰ ਨਾਬਾਲਗ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕ ਸਥਾਨਕ ਆਟੋ ਰਿਕਸ਼ਾ ਚਾਲਕ ਹਨ। ਪੁਲਸ ਮੁਤਾਬਕ ਇਹ ਘਟਨਾ 27 ਮਾਰਚ ਦੀ ਦੁਪਹਿਰ ਨੂੰ ਵਾਪਰੀ ਜਦੋਂ ਹਿਜਾਬ ਪਹਿਨੀ ਇਕ ਔਰਤ ਆਪਣੇ ਇਕ ਦੋਸਤ ਨਾਲ ਕਿਲੇ 'ਚ ਪਹੁੰਚੀ। ਗ੍ਰਿਫਤਾਰ ਲੋਕ ਵੀ ਇੱਥੇ ਪਹੁੰਚ ਗਏ ਅਤੇ ਉਸ ਨੂੰ ਹਿਜਾਬ ਉਤਾਰਨ ਲਈ ਕਿਹਾ।
ਪੰਜ ਸਪੈਸ਼ਲ ਟੀਮਾਂ ਬਣਾ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ: ਪੁਲਿਸ ਮੁਤਾਬਿਕ ਮੁਲਜ਼ਮਾਂ ਵਿੱਚੋਂ ਇਕ ਨੇ ਇਸ ਘਟਨਾ ਨੂੰ ਫੋਨ 'ਤੇ ਸ਼ੂਟ ਕੀਤਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਪਲੋਡ ਕਰ ਦਿੱਤਾ ਜੋ ਵਾਇਰਲ ਹੋ ਗਿਆ। ਇਹ ਮਾਮਲਾ ਵੇਲੋਰ ਉੱਤਰੀ ਪੁਲਿਸ ਨੇ ਬੁੱਧਵਾਰ ਨੂੰ ਗ੍ਰਾਮ ਪ੍ਰਸ਼ਾਸਨਿਕ ਅਧਿਕਾਰੀ (ਵੀਏਓ) ਦੁਆਰਾ ਦਿੱਤੀ ਗਈ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ। ਪੁਲਿਸ ਨੇ ਵੀਰਵਾਰ ਨੂੰ ਪੰਜ ਸਪੈਸ਼ਲ ਟੀਮਾਂ ਬਣਾ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਸੱਤ ਲੋਕਾਂ ਨੂੰ ਜਨਤਕ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ, ਨਿੱਜੀ ਆਜ਼ਾਦੀ ਨੂੰ ਖ਼ਤਰੇ ਵਿੱਚ ਪਾਉਣ, ਦੋ ਵਰਗਾਂ ਦੇ ਲੋਕਾਂ ਵਿੱਚ ਦੁਸ਼ਮਣੀ ਪੈਦਾ ਕਰਨ ਦੇ ਇਰਾਦੇ ਅਤੇ ਔਰਤਾਂ ਦੀ ਮਰਿਆਦਾ ਵਿਰੁੱਧ ਕੰਮ ਕਰਨ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਵੀਡੀਓ ਕਲਿਪਿੰਗਜ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਨਾ ਕਰਨ ਦੀ ਹਦਾਇਤ ਕੀਤੀ ਹੈ। ਅਜਿਹਾ ਕਰਨ ਵਾਲਿਆਂ 'ਤੇ ਤਾਮਿਲਨਾਡੂ ਹਰਾਸਮੈਂਟ ਆਫ ਵੂਮੈਨ ਪ੍ਰੋਹਿਬਿਸ਼ਨ ਐਕਟ ਅਤੇ ਇਨਫਰਮੇਸ਼ਨ ਟੈਕਨਾਲੋਜੀ (ਆਈਟੀ) ਐਕਟ ਦੇ ਤਹਿਤ ਮਾਮਸੇ ਦਰਜ ਕੀਤੇ ਜਾਣਗੇ। ਵੇਲੋਰ ਦੇ ਐਸਪੀ ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ। ਦੱਸ ਦਈਏ ਬੀਤੇ ਸਾਲ ਵੀ ਹਿਜ਼ਾਬ ਨੂੰ ਲੈਕੇ ਕਰਨਾਟਕ ਵਿੱਚ ਬਹੁਤ ਵੱਡਾ ਵਿਵਾਦ ਹੋਇਆ ਸੀ ਅਤੇ ਇਸ ਵਿਵਾਦ ਦੌਰਾਨ ਕਈ ਪੱਖ ਸਾਹਮਣੇ ਆਏ ਸਨ। ਮਸਲੇ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਰੋਟੀਆਂ ਵੀ ਸੇਕੀਆਂ ਸਨ, ਪਰ ਬਾਅਦ ਵਿੱਚ ਇਹ ਮਸਲਾ ਸ਼ਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ:DOCTORS REMOVED HAIR FROM STOMACH: ਢਾਈ ਕਿੱਲੋ ਵਾਲ ਖਾ ਗਈ ਕੁੜੀ, ਵਾਲ ਖਾਣ ਦੀ ਆਦਤ ਵਾਲਿਆਂ ਨੂੰ ਹੁੰਦੀ ਏ ਆਹ ਬਿਮਾਰੀ, ਪੜ੍ਹੋ ਪੂਰੀ ਖਬਰ