ਹੈਕਾਬੁਲ: ਤਾਲਿਬਾਨ ਨੇ ਐਤਵਾਰ ਨੂੰ ਅਫ਼ਗ਼ਾਨਿਸਤਾਨ ਵਿਚ ਅਫ਼ੀਮ ਦੀ ਖੇਤੀ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਸੁਪਰੀਮ ਲੀਡਰ ਹੇਬਤੁੱਲਾ ਅਖੁੰਦਜ਼ਾਦਾ ਨੇ ਇਕ ਫ਼ੁਰਮਾਨ 'ਚ ਕਿਹਾ ਕਿ ਦੇਸ਼ 'ਚ ਅਫ਼ੀਮ ਦੀ ਖੇਤੀ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਵੀ ਪਾਬੰਦੀ ਹੈ।
ਉਨ੍ਹਾਂ ਅਫ਼ੀਮ ਦੀ ਖੇਤੀ ਦੇ ਨਾਲ ਹਰ ਕਿਸਮ ਦੇ ਨਾਜਾਇਜ਼ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ’ਤੇ ਸਖ਼ਤ ਪਾਬੰਦੀ ਦਾ ਐਲਾਨ ਕੀਤਾ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਦੁਆਰਾ ਪੜ੍ਹੇ ਗਏ ਫ਼ੁਰਮਾਨ 'ਚ ਕਿਹਾ ਗਿਆ ਹੈ ਕਿ ਹਰ ਕਿਸਮ ਦੇ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਜਿਵੇਂ ਕਿ ਅਲਕੋਹਲ ਵਾਲੇ ਪਦਾਰਥ, ਹੈਰੋਇਨ, ਟੈਬਲੇਟ ਕੇ, ਹਸ਼ੀਸ਼ ਅਤੇ ਹੋਰਾਂ ਦੀ ਵਰਤੋਂ ਅਤੇ ਤਸਕਰੀ ’ਤੇ ਸਖ਼ਤ ਪਾਬੰਦੀ ਹੈ। ਫ਼ੁਰਮਾਨ ਗ਼ੈਰ-ਕਾਨੂੰਨੀ ਦਵਾਈਆਂ ਦੇ ਉਤਪਾਦਨ ’ਤੇ ਵੀ ਪਾਬੰਦੀ ਲਗਾਉਂਦਾ ਹੈ।
ਫ਼ੁਰਮਾਨ 'ਚ ਕਿਹਾ ਜੇਕਰ ਕੋਈ ਵਿਅਕਤੀ ਫ਼ੁਰਮਾਨ ਦੀ ਉਲੰਘਣਾ ਕਰਦਾ ਹੈ ਅਤੇ ਅਫ਼ੀਮ ਦੀ ਖੇਤੀ ਕਰਦਾ ਹੈ ਤਾਂ ਉਸ ਦੀ ਫ਼ਸਲ ਨਸ਼ਟ ਕਰ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਨੂੰ ਸ਼ਰੀਆ ਕਾਨੂੰਨ ਦੇ ਆਧਾਰ ’ਤੇ ਸਜ਼ਾ ਦਿੱਤੀ ਜਾਵੇਗੀ। ਫੁਰਮਾਨ 'ਚ ਲਿਖਿਆ ਗਿਆ ਹੈ ਕਿ ਇਸ ਫੁਰਮਾਨ ਨੂੰ ਲਾਗੂ ਕਰਨਾ ਲਾਜ਼ਮੀ ਹੈ। ਉਲੰਘਣਾ ਕਰਨ ਵਾਲਿਆਂ ’ਤੇ ਨਿਆਂਪਾਲਿਕਾ ਦੁਆਰਾ ਮੁਕੱਦਮਾ ਚਲਾਇਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ।