ਸ਼੍ਰੀਨਗਰ:ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ 'ਚ ਪੁਲਸ ਨੇ ਵੀਰਵਾਰ ਸਵੇਰੇ ਡਰੋਨ ਰਾਹੀਂ ਸਰਹੱਦ ਪਾਰ ਤੋਂ ਸੁੱਟੇ ਗਏ ਆਈਈਡੀ, ਹਥਿਆਰ ਅਤੇ ਨਕਦੀ ਦੀ ਖੇਪ ਬਰਾਮਦ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਿਸ ਕਪਤਾਨ ਅਭਿਸ਼ੇਕ ਮਹਾਜਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਲੋਕਾਂ ਨੇ ਵੀਰਵਾਰ ਸਵੇਰੇ 6.15 ਵਜੇ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਰਾਮਗੜ੍ਹ ਅਤੇ ਵਿਜੈਪੁਰ ਵਿਚਕਾਰ ਇੱਕ ਸ਼ੱਕੀ ਪੈਕਟ ਦੇਖਿਆ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਮਹਾਜਨ ਨੇ ਦੱਸਿਆ ਕਿ ਸ਼ੱਕੀ ਪੈਕੇਟ ਵਿੱਚ ਸਟੀਲ ਦੇ ਥੱਲੇ ਵਾਲਾ ਇੱਕ ਲੱਕੜ ਦਾ ਬਕਸਾ ਸੀ, ਜਿਸ ਵਿੱਚੋਂ ਬੰਬ ਨਿਰੋਧਕ ਦਸਤੇ ਨੇ ਡੇਟੋਨੇਟਰ ਸਮੇਤ ਦੋ ਆਈਈਡੀ, ਦੋ ਚੀਨੀ ਪਿਸਤੌਲ, 60 ਰੌਂਦ ਵਾਲੇ ਚਾਰ ਮੈਗਜ਼ੀਨ ਅਤੇ ਪੰਜ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਨਕਦੀ 500 ਰੁਪਏ ਦੇ ਨੋਟਾਂ ਵਿੱਚ ਸੀ। ਮਹਾਜਨ ਨੇ ਕਿਹਾ, ਇਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਸਾਮਾਨ ਸੁੱਟਣ ਦਾ ਮਾਮਲਾ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਖੇਪ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਜਾ ਸਕਦੀ ਸੀ, ਪਰ ਪੁਲਿਸ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।