ਨਵੀਂ ਦਿੱਲੀ:ਨਾਜਾਇਜ਼ ਪਟਾਕਿਆਂ ਅਤੇ ਬੈਨ ਕੈਮਿਕਲ ਪਟਾਕਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੂਬੇ ਦੀਆਂ ਸਰਕਾਰਾਂ ਅਤੇ ਏਜੰਸੀਆਂ ਗ੍ਰੀਨ ਪਟਾਕਿਆਂ ’ਤੇ ਜਾਰੀ ਆਦੇਸ਼ਾਂ ’ਤੇ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਨ੍ਹਾਂ ਆਦੇਸ਼ਾਂ ਦੀ ਕਿਸੇ ਵੀ ਸੂਬੇ ਚ ਉਲੰਘਣਾ ਕੀਤੀ ਗਈ ਤਾਂ ਇਸਦੀ ਜਿੰਮੇਵਾਰੀ ਸੂਬੇ ਦੇ ਮੁੱਖ ਸਕੱਤਰ ਅਤੇ ਪੁਲਿਸ ਦੇ ਪ੍ਰਮੁੱਖ ਉੱਚ ਅਧਿਕਾਰੀਆਂ ਦੀ ਹੋਵੇਗੀ।
ਦੱਸ ਦਈਏ ਕਿ ਸੁਪਰੀਮ ਕੋਰਟ ਨੇ ਪਟਾਕਿਆਂ ਨੂੰ ਲੈ ਕੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸਾਰੇ ਪਟਾਕਿਆਂ ’ਤੇ ਬੈਨ ਨਹੀਂ ਲਗਾਇਆ ਗਿਆ ਹੈ ਸਗੋਂ ਬੇਰੀਅਮ ਸਾਲਟ ਵਰਗੇ ਪਾਬੰਦੀਸ਼ੁਦਾ ਰਸਾਇਣ ਵਾਲੇ ਪਟਾਕਿਆਂ ’ਤੇ ਰੋਕ ਲਗਾਇਆ ਗਿਆ ਹੈ। ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਤਿਉਹਾਰਾਂ ਦੀ ਆੜ ’ਚ ਕਿਸੇ ਵੀ ਉਲੰਘਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਰੇ ਲੋਕਾਂ ਨੂੰ ਹੱਕ ਹੈ ਹਰ ਤਿਉਹਾਰ ਨੂੰ ਆਪਣੇ ਤਰੀਕੇ ਨਾਲ ਮਨਾਉਣ ਦਾ। ਸਾਨੂੰ ਖੁਸ਼ੀ ਹੈ ਸੁਪਰੀਮ ਕੋਰਟ ਨੇ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਫੈਸਲਾ ਦਿੱਤਾ ਕਿ ਪਟਾਕਿਆਂ ’ਤੇ ਪੂਰੀ ਤਰ੍ਹਾਂ ਬੈਨ ਨਹੀਂ ਹੈ। ਬੰਦੀਛੋੜ ਦਿਵਸ, ਦੀਵਾਲੀ ’ਤੇ ਸਿੱਖ ਹਿੰਦੂ ਆਤਿਸ਼ਬਾਜ਼ੀ ਤੋਂ ਖੁਸ਼ੀ ਮਨਾ ਸਕਣਗੇ।