ਨਵੀਂ ਦਿੱਲੀ :ਲਖੀਮਪੁਰ ਖ਼ੀਰੀ ਹਿੰਸਾ ਮਾਮਲੇ ਵਿਚ ਸੁਪਰੀਮ ਕੋਰਟ ਨੇ ਬੁਧਵਾਰ ਨੂੰ ਆਸ਼ੀਸ਼ ਮਿਸ਼ਰਾ ਨੂੰ 8 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। 19 ਜਨਵਰੀ ਨੂੰ ਅਦਾਲਤ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ , ਜਿਸ ਉਤੇ ਸੁਣਵਾਈ ਕਰਦੇ ਹੋਏ ਅੱਜ ਸੁਪਰੀਮ ਕੋਰਟ ਵਲੋਂ ਇਹ ਜ਼ਮਾਨਤ ਇਸ ਸ਼ਰਤ ’ਤੇ ਦਿੱਤੀ ਗਈ ਹੈ ਕਿ ਉਹ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਐੱਨ.ਸੀ.ਟੀ. ’ਚ ਨਹੀਂ ਰਹੇਗਾ ਅਤੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਇਕ ਹਫ਼ਤੇ ਬਾਅਦ ਉੱਤਰ ਪ੍ਰਦੇਸ਼ ਛੱਡ ਜਾਵੇਗਾ।
ਜ਼ਮਾਨਤ ਰੱਦ ਹੋ ਸਕਦੀ ਹੈ: ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਉਸ ਦੇ ਟਿਕਾਣੇ ਬਾਰੇ ਸੰਬੰਧਤ ਅਦਾਲਤ ਨੂੰ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸਦੇ ਨਾਲ ਹੀ, ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਸ਼ੀਸ਼ ਮਿਸ਼ਰਾ ਜਾਂ ਉਸ ਦੇ ਪਰਿਵਾਰ ਵਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਮੁਕੱਦਮੇ ਵਿਚ ਦੇਰੀ ਕਰਨ ਦੀ ਕੋਸ਼ਿਸ਼ ਕਰਨ ਨਾਲ ਉਸ ਦੀ ਜ਼ਮਾਨਤ ਰੱਦ ਹੋ ਸਕਦੀ ਹੈ।
ਇਹ ਵੀ ਪੜ੍ਹੋ :Kunwar Vijay Pratap Resigned From Assurance committee : ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਅਹੁੱਦੇ ਤੋਂ ਦਿੱਤਾ ਅਸਤੀਫਾ, ਜਾਣੋ ਕਾਰਨ
ਲਖੀਮਪੁਰ ਖੀਰੀ ਮਾਮਲਾ : ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ 'ਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦਾ ਕਿਸਾਨਾਂ ਵਲੋਂ ਵਿਰੋਧ ਕੀਤੇ ਜਾਣ ਦੌਰਾਨ 3 ਅਕਤੂਬਰ 2021 ਨੂੰ ਹੋਈ ਹਿੰਸਾ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ। ਉੱਤਰ ਪ੍ਰਦੇਸ਼ ਪੁਲਸ ਦੀ ਐੱਫ. ਆਈ. ਆਰ. ਮੁਤਾਬਕ ਇਕ ਐੱਸ. ਯੂ. ਵੀ. ਨੇ 4 ਕਿਸਾਨਾਂ ਨੂੰ ਕੁਚਲ ਦਿੱਤਾ ਸੀ ਅਤੇ ਇਸ 'ਚ ਆਸ਼ੀਸ਼ ਮਿਸ਼ਰਾ ਬੈਠਾ ਸੀ। ਇਸ ਘਟਨਾ ਤੋਂ ਬਾਅਦ ਐੱਸ. ਯੂ. ਵੀ. ਦੇ ਡਰਾਈਵਰ ਅਤੇ ਭਾਜਪਾ ਦੇ ਦੋ ਵਰਕਰਾਂ ਨੂੰ ਗੁੱਸੇ 'ਚ ਆਏ ਕਿਸਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹਿੰਸਾ 'ਚ ਇਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਕਿਸਾਨਾ ਵੱਲੋਂ ਅਤੇ ਪੀੜਤ ਪਰਿਵਾਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ।
ਇਲਾਹਾਬਾਦ ਹਾਈ ਕੋਰਟ ਨੂੰ ਦਿੱਤੀ ਸੀ ਚੁਣੌਤੀ:ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਪਿਛਲੇ ਸਾਲ 26 ਜੁਲਾਈ ਨੂੰ ਆਸ਼ੀਸ਼ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਕਿਓਂਕਿ ਜੋ ਹਾਲ ਉਸ ਸਮੇਂ ਬਣੇ ਸਨ ਉਸ ਦਾ ਵਿਰੋਧ ਹੋ ਰਿਹਾ ਸੀ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਮਿਸ਼ਰਾ ਵੱਲੋਂ ਕੀਤੀ ਜਾ ਰਹੀ ਸੀ।