ਚੰਡੀਗੜ੍ਹ: ਸਹਾਰਾ ਗਰੁੱਪ ਦੇ ਮੁਖੀ ਸੁਬਰਤ ਰਾਏ ਸਹਾਰਾ ਦੇ ਦਿਹਾਂਤ ਨਾਲ ਹਰ ਕੋਈ ਸਦਮੇ ਵਿੱਚ ਹੈ। ਉਨ੍ਹਾਂ ਦਾ ਜਨਮ 10 ਜੂਨ 1948 ਨੂੰ ਬਿਹਾਰ 'ਚ ਹੋਇਆ ਸੀ। ਕਈ ਵਾਰ ਉਹ ਗੋਰਖਪੁਰ 'ਚ ਖਟਾਰਾ ਸਕੂਟਰ 'ਤੇ ਜਾਂਦੇ ਸਨ। ਸਿਰਫ਼ 30 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਹਾਰਾ ਇੰਡੀਆ ਨਾਂ ਦੀ ਕੰਪਨੀ ਬਣਾਈ ਸੀ। ਉਹ ਸਹਾਰਾ ਇੰਡੀਆ ਪਰਿਵਾਰ ਦੇ ਸੰਸਥਾਪਕ, ਪ੍ਰਬੰਧ ਨਿਰਦੇਸ਼ਕ ਅਤੇ ਚੇਅਰਮੈਨ ਸਨ। ਉਨ੍ਹਾਂ ਨੂੰ 'ਸਹਾਰਾਸ਼੍ਰੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਆਪਣੇ 40 ਸਾਲਾਂ ਦੇ ਕਾਰੋਬਾਰੀ ਸਫ਼ਰ ਵਿੱਚ ਉਨ੍ਹਾਂ ਨੇ 4500 ਕੰਪਨੀਆਂ ਦੀ ਸਥਾਪਨਾ ਕੀਤੀ।
ਸੁਬਰਤ ਰਾਏ ਜਿੰਨ੍ਹਾਂ ਨੇ ਪਹਿਲਾਂ ਚਿੱਟ ਫੰਡ ਸੈਕਟਰ ਵਿੱਚ ਪ੍ਰਵੇਸ਼ ਕੀਤਾ, ਬਾਅਦ ਵਿੱਚ ਮੀਡੀਆ, ਫਿਲਮ, ਖੇਡਾਂ, ਟੀਵੀ ਅਤੇ ਅੰਤ ਵਿੱਚ ਰੀਅਲ ਅਸਟੇਟ ਤੋਂ ਲੈ ਕੇ ਸਿਹਤ ਖੇਤਰ ਵਿੱਚ ਆਪਣਾ ਹੱਥ ਅਜ਼ਮਾਇਆ ਅਤੇ ਬਹੁਤ ਤਰੱਕੀ ਕੀਤੀ। ਸੁਪਰੀਮ ਕੋਰਟ ਦੇ ਦਖਲ ਕਾਰਨ ਸੁਬਰਤ ਰਾਏ ਨੂੰ ਨਿਵੇਸ਼ਕਾਂ ਦੇ ਪੈਸਿਆਂ ਵਿੱਚ ਵਿੱਤੀ ਗਬਨ ਦੇ ਦੋਸ਼ ਵਿੱਚ ਬਿਨਾਂ ਕਿਸੇ ਐਫਆਈਆਰ ਦੇ 3 ਸਾਲ ਜੇਲ੍ਹ ਵਿੱਚ ਰਹਿਣਾ ਪਿਆ।
ਸੁਬਰਤ ਰਾਏ ਕਦੇ ਬਿਲ ਕਲਿੰਟਨ ਤੋਂ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਤੱਕ, ਫਿਲਮੀ ਸਿਤਾਰਿਆਂ ਤੋਂ ਲੈ ਕੇ ਦੇਸ਼ ਦੇ ਚੋਟੀ ਦੇ ਕਾਰਪੋਰੇਟਾਂ ਤੱਕ ਸਾਰਿਆਂ ਦੇ ਬਹੁਤ ਨੇੜੇ ਸਨ। ਦੇਸ਼ ਅਤੇ ਸੂਬੇ ਦੀ ਰਾਜਨੀਤੀ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਦਾ ਜਨੂੰਨ ਰੱਖਣ ਵਾਲੇ ਸੁਬਰਤ ਰਾਏ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿੱਚ ਸੰਕਟ ਵਿੱਚ ਘਿਰੇ ਨਜ਼ਰ ਆਏ। ਸੇਬੀ ਅਤੇ ਸੁਪਰੀਮ ਕੋਰਟ ਦੇ ਸਖ਼ਤ ਰਵੱਈਏ ਕਾਰਨ ਨਾ ਸਿਰਫ਼ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸਗੋਂ ਉਨ੍ਹਾਂ ਦੀ ਤਾਕਤ ਵੀ ਕਾਫੀ ਘਟ ਗਈ।
ਕਦੇ ਭਾਰਤ ਦੇ ਦਸ ਸਭ ਤੋਂ ਤਾਕਤਵਰ ਲੋਕਾਂ ਵਿੱਚ ਸੀ ਸ਼ਾਮਲ:ਇੰਡੀਆ ਟੂਡੇ ਨੇ ਭਾਰਤ ਦੇ 10 ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਸੀ। ਉਨ੍ਹਾਂ ਨੇ 1978 ਵਿੱਚ ਸਹਾਰਾ ਇੰਡੀਆ ਪਰਿਵਾਰ ਦੀ ਸਥਾਪਨਾ ਕੀਤੀ। 2004 ਵਿੱਚ ਟਾਈਮ ਮੈਗਜ਼ੀਨ ਨੇ ਸਹਾਰਾ ਗਰੁੱਪ ਨੂੰ ਭਾਰਤੀ ਰੇਲਵੇ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਰੁਜ਼ਗਾਰਦਾਤਾ ਦੱਸਿਆ। ਉਹ ਪੁਣੇ ਵਾਰੀਅਰਜ਼ ਇੰਡੀਆ, ਗ੍ਰੋਸਵੇਨਰ ਹਾਊਸ, ਐਮਬੀ ਵੈਲੀ ਸਿਟੀ, ਪਲਾਜ਼ਾ ਹੋਟਲ, ਡਰੀਮ ਡਾਊਨਟਾਊਨ ਹੋਟਲ ਦੇ ਮਾਲਕ ਸੀ। ਸਹਾਰਾਸ਼੍ਰੀ ਇੱਕ ਬੰਗਾਲੀ ਪਰਿਵਾਰ ਨਾਲ ਸਬੰਧਤ ਸੀ।
ਬਿਹਾਰ ਵਿੱਚ ਪੈਦਾ ਹੋਏ, ਗੋਰਖਪੁਰ ਵਿੱਚ ਕੀਤਾ ਵਪਾਰ: ਸੁਬਰਤ ਰਾਏ ਸਹਾਰਾ ਦਾ ਜਨਮ 10 ਜੂਨ 1948 ਨੂੰ ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿੱਚ ਸੁਧੀਰ ਚੰਦਰ ਰਾਏ ਅਤੇ ਛਬੀ ਰਾਏ ਦੇ ਘਰ ਹੋਇਆ ਸੀ। ਪੱਛਮੀ ਬੰਗਾਲ ਉਨ੍ਹਾਂ ਦਾ ਜੱਦੀ ਸਥਾਨ ਹੈ। ਹੋਲੀ ਚਾਈਲਡ ਸਕੂਲ, ਕੋਲਕਾਤਾ ਤੋਂ ਆਪਣੀ ਪ੍ਰਾਇਮਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਤਕਨੀਕੀ ਸੰਸਥਾ ਗੋਰਖਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ। ਉਨ੍ਹਾਂ ਨੇ 1978 ਵਿੱਚ ਗੋਰਖਪੁਰ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।
1978 ਵਿੱਚ ਹੋਈ ਸਹਾਰਾ ਇੰਡੀਆ ਪਰਿਵਾਰ ਦੀ ਸਥਾਪਨਾ: ਰਾਏ ਨੇ 1978 ਵਿੱਚ ਗੋਰਖਪੁਰ ਵਿੱਚ ਸਹਾਰਾ ਇੰਡੀਆ ਪਰਿਵਾਰ ਦੀ ਸਥਾਪਨਾ ਕੀਤੀ। ਉਹ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਪ੍ਰਬੰਧਕ ਨਿਰਦੇਸ਼ਕ) ਅਤੇ ਚੇਅਰਮੈਨ ਸਨ। ਇਹ ਭਾਰਤ ਦੀ ਇੱਕ ਬਹੁ-ਵਪਾਰਕ ਕੰਪਨੀ ਹੈ, ਜਿਸਦਾ ਦਾਇਰਾ ਵਿੱਤੀ ਸੇਵਾਵਾਂ, ਹਾਊਸਿੰਗ ਵਿੱਤ, ਮਿਉਚੁਅਲ ਫੰਡ, ਜੀਵਨ ਬੀਮਾ, ਸ਼ਹਿਰੀ ਵਿਕਾਸ, ਰੀਅਲ ਅਸਟੇਟ, ਅਖਬਾਰ ਅਤੇ ਟੈਲੀਵਿਜ਼ਨ, ਫਿਲਮ ਨਿਰਮਾਣ, ਖੇਡਾਂ, ਸੂਚਨਾ ਤਕਨਾਲੋਜੀ,ਸੈਰ ਸਪਾਟਾ, ਖਪਤਕਾਰ ਵਸਤੂਆਂ ਅਤੇ ਸਿਹਤ ਸਮੇਤ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਉਹ ਆਈਪੀਐਲ ਫਰੈਂਚਾਇਜ਼ੀ ਪੁਣੇ ਵਾਰੀਅਰਜ਼ ਇੰਡੀਆ, ਲੰਡਨ ਵਿੱਚ ਗ੍ਰੋਸਵੇਨਰ ਹਾਊਸ, ਲੋਨਾਵਾਲਾ, ਮੁੰਬਈ ਵਿੱਚ ਐਮਬੀ ਵੈਲੀ ਸਿਟੀ ਅਤੇ ਨਿਊਯਾਰਕ ਵਿੱਚ ਪਲਾਜ਼ਾ ਹੋਟਲ ਅਤੇ ਡਰੀਮ ਡਾਊਨਟਾਊਨ ਹੋਟਲ ਦੇ ਮਾਲਕ ਵੀ ਸੀ।
ਇਸ ਕਾਰਨ ਜੇਲ੍ਹ ਜਾਣਾ ਪਿਆ: ਉੱਤਰ ਪ੍ਰਦੇਸ਼ ਵਿੱਚ ਜਦੋਂ ਵੀ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੀ, ਸੁਬਰਤ ਰਾਏ ਉਸ ਦੇ ਸਿਖਰ ’ਤੇ ਸਨ। 2014 'ਚ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਸੇਬੀ ਦੀ ਸ਼ਿਕਾਇਤ 'ਤੇ ਸੁਪਰੀਮ ਕੋਰਟ ਨੇ ਸੁਬਰਤ ਰਾਏ ਨੂੰ ਨਿਵੇਸ਼ਕਾਂ ਦੇ ਪੈਸੇ ਵਾਪਸ ਨਾ ਕਰਨ 'ਤੇ ਜੇਲ੍ਹ ਭੇਜ ਦਿੱਤਾ ਸੀ ਅਤੇ ਉਹ ਕਰੀਬ 3 ਸਾਲ ਤੱਕ ਜੇਲ੍ਹ 'ਚ ਰਹੇ। ਇਸ ਦੌਰਾਨ ਉਨ੍ਹਾਂ ਦਾ ਉਤਸ਼ਾਹ ਕਾਫੀ ਘੱਟ ਗਿਆ। ਕਦੇ ਅਮਿਤਾਭ ਬੱਚਨ ਅਤੇ ਅਮਰ ਸਿੰਘ ਦੇ ਬਹੁਤ ਕਰੀਬ ਰਹੇ ਸਹਾਰਾਸ਼੍ਰੀ ਤੋਂ ਲੋਕਾਂ ਨੇ ਆਪਣੇ ਆਪ ਨੂੰ ਦੂਰ ਕਰ ਲਿਆ। ਸੁਪਰੀਮ ਕੋਰਟ ਉਨ੍ਹਾਂ 'ਤੇ ਲਗਾਤਾਰ ਦਬਾਅ ਬਣਾ ਰਹੀ ਸੀ। ਉਹ ਕਰੀਬ 35,000 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਸਾਹਮਣਾ ਕਰ ਰਹੇ ਸੀ। ਇਸ ਬਾਰੇ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਟਿੱਪਣੀ ਕੀਤੀ ਸੀ ਕਿ ਜੇਕਰ ਉਹ 4500 ਕੰਪਨੀਆਂ ਦੇ ਮਾਲਕ ਹਨ ਤਾਂ 35000 ਕਰੋੜ ਰੁਪਏ ਉਨ੍ਹਾਂ ਲਈ ਕੁਝ ਵੀ ਨਹੀਂ ਹੈ। ਇਨ੍ਹਾਂ ਦਬਾਅ ਵਿਚਕਾਰ ਸੁਬਰਤ ਰਾਏ ਦੀ ਮੌਤ ਹੋ ਗਈ।
ਕੁਝ ਖਾਸ ਪ੍ਰਾਪਤੀਆਂ
- ਆਨਰੇਰੀ ਡਾਕਟਰੇਟ (2013, ਈਸਟ ਲੰਡਨ ਯੂਨੀਵਰਸਿਟੀ)
- ਦ ਬਿਜ਼ਨਸ ਆਈਕਨ ਆੱਫ ਦਾ ਸਾਲ (2011, ਲੰਡਨ)
- ਡੀ.ਲਿਟ ਦੀ ਆਨਰੇਰੀ ਡਿਗਰੀ (2011, ਲਲਿਤ ਨਰਾਇਣ ਮਿਥਿਲਾ ਯੂਨੀਵਰਸਿਟੀ, ਦਰਭੰਗਾ)
- 2012 ਵਿੱਚ ਇੰਡੀਆ ਟੂਡੇ ਦੁਆਰਾ ਭਾਰਤ ਦੇ ਦਸ ਸਭ ਤੋਂ ਪ੍ਰਭਾਵਸ਼ਾਲੀ ਕਾਰੋਬਾਰੀਆਂ ਵਿੱਚ ਸ਼ਾਮਲ
- 2004 ਵਿੱਚ ਟਾਈਮ ਮੈਗਜ਼ੀਨ ਦੁਆਰਾ ਭਾਰਤੀ ਰੇਲਵੇ ਤੋਂ ਬਾਅਦ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਰੁਜ਼ਗਾਰਦਾਤਾ ਵਜੋਂ ਸਹਾਰਾ ਪਰਿਵਾਰ ਦਾ ਨਾਮ ਸ਼ਾਮਲ
ਇਹ ਐਵਾਰਡ ਮਿਲੇ ਹਨ: ਉਨ੍ਹਾਂ ਨੂੰ "ਆਈਟੀ ਏ ਟੀਵੀ ਆਈਕਨ ਆਫ਼ ਦਾ ਈਅਰ" (2007), "ਗਲੋਬਲ ਲੀਡਰਸ਼ਿਪ ਐਵਾਰਡ" (2004), "ਬਿਜ਼ਨਸ ਆਫ਼ ਦਾ ਈਅਰ ਐਵਾਰਡ" (2002), "ਵਿਸ਼ਿਸ਼ਟ ਰਾਸ਼ਟਰੀ ਉਡਾਨ ਸਨਮਾਨ" (2010), "ਵੋਕੇਸ਼ਨਲ ਐਵਾਰਡ ਫਾੱਰ ਐਕਸਕਲੈਂਸ" (ਰੋਟਰੀ ਇੰਟਰਨੈਸ਼ਨਲ, 2010 ਦੁਆਰਾ), "ਕਰਮਵੀਰ ਸਨਮਾਨ" (1994), "ਬਾਬਾ-ਏ-ਰੋਜ਼ਗਾਰ ਐਵਾਰਡ" (1992), "ਉਦਯਮ ਸ਼੍ਰੀ" (1994), "ਦਿ ਨੈਸ਼ਨਲ ਸਿਟੀਜ਼ਨ ਅਵਾਰਡ" (2001) ਅਤੇ ਭਾਰਤੀ ਟੈਲੀਵਿਜ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।