ਚੰਡੀਗੜ੍ਹ: ਪਠਾਨਕੋਟ ਬੰਬ ਬਲਾਸਟ ਅਤੇ ਪਿਛਲੇ ਦਿਨੀਂ ਜਿਲ੍ਹਾਂ ਲੁਧਿਆਣਾ (pathankot ludhiana blast case) ਚ ਹੋਏ ਅੱਤਵਾਦੀ ਵਿਸਫੋਟ ਨਾਲ ਸਬੰਧਿਤ ਸਾਜਿਸ਼ਕਰਤਾਵਾਂ ਨੂੰ ਪਨਾਹ ਦੇਣ ਵਾਲੇ 4 ਮੁਲਜ਼ਮਾਂ ਨੂੰ ਉਤਰਾਖੰਡ ਪੁਲਿਸ ਨੇ ਉੱਧਮ ਸਿੰਘ ਨਗਰ ਚ ਗ੍ਰਿਫਤਾਰ ਕੀਤਾ ਹੈ।
ਐਸਟੀਐਫ ਅਨੁਸਾਰ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਊਧਮ ਸਿੰਘ ਨਗਰ ਦੇ ਪੰਤਨਗਰ ਥਾਣਾ ਖੇਤਰ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ 'ਚ ਇਹ ਦੋਸ਼ੀ ਪਠਾਨਕੋਟ ਨਵਾਂਸ਼ਹਿਰ ਲੁਧਿਆਣਾ ਬੰਬ ਧਮਾਕੇ ਦੇ ਅੱਤਵਾਦੀ ਸੁਖਬੀਰ ਉਰਫ਼ ਸੁੱਖ ਨੂੰ ਹਰਿਦੁਆਰ ਊਧਮ ਸਿੰਘ ਨਗਰ ਜ਼ਿਲ੍ਹਾ ਉੱਤਰਾਖੰਡ 'ਚ ਪਨਾਹ ਦੇ ਰਹੇ ਸੀ। ਇਸ ਪੁਖਤਾ ਗੁਪਤ ਸੂਚਨਾ ਦੇ ਆਧਾਰ 'ਤੇ ਉੱਤਰਾਖੰਡ ਪੁਲਿਸ ਦੇ ਡਾਇਰੈਕਟਰ ਜਨਰਲ ਦੀਆਂ ਹਦਾਇਤਾਂ ਅਨੁਸਾਰ ਐਸ.ਟੀ.ਐਫ ਨੇ ਊਧਮ ਸਿੰਘ ਨਗਰ ਥਾਣਾ ਪੰਤਨਗਰ ਅਧੀਨ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉੱਤਰਾਖੰਡ ਐਸਟੀਐਫ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ 2021 ਵਿੱਚ ਪੰਜਾਬ ਦੇ ਪਠਾਨਕੋਟ, ਨਵਾਂਸ਼ਹਿਰ ਅਤੇ ਲੁਧਿਆਣਾ ਵਿੱਚ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਾਪਰੀਆਂ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਵਿੱਚੋਂ ਇੱਕ ਸੁਖਪ੍ਰੀਤ ਉਰਫ਼ ਸੁੱਖ ਫਰਾਰ ਸੀ। ਸੁੱਖਾ ਨੇ ਉੱਤਰਾਖੰਡ 'ਚ ਪਨਾਹ ਲਈ ਹੋਈ ਸੀ, ਜਿਸਦੀ ਬਾਰੇ ਉੱਤਰਾਖੰਡ ਐੱਸਟੀਐੱਫ ਨੂੰ ਵੀ ਪਤਾ ਲੱਗਾ।
ਉੱਤਰਾਖੰਡ ਐਸਟੀਐਫ ਨੇ ਮੁਲਜ਼ਮ ਨੂੰ ਫੜਨ ਲਈ ਜਾਲ ਵਿਛਾਇਆ ਅਤੇ ਸੂਚਨਾ ਦੀ ਪੁਸ਼ਟੀ ਕਰਨ ਲਈ ਆਪਣੇ ਮੁਖਬਰਾਂ ਨੂੰ ਸਰਗਰਮ ਕੀਤਾ। ਪਿਛਲੇ ਤਿੰਨ ਦਿਨਾਂ ਤੋਂ ਉੱਤਰਾਖੰਡ ਐਸਟੀਐਫ ਇਸ ਮਾਮਲੇ 'ਤੇ ਕੰਮ ਕਰ ਰਹੀ ਸੀ। ਉੱਤਰਾਖੰਡ ਐਸਟੀਐਫ ਨੇ ਮੁਲਜ਼ਮਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਇਲਾਵਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਉਰਫ ਸਾਬੀ, ਉਸ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ, ਅਜਮੇਰ ਸਿੰਘ ਉਰਫ ਲਾਡੀ ਮੰਡ ਅਤੇ ਗੁਰਪਾਲ ਸਿੰਘ ਉਰਫ ਗੁਰੀ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ।