ਨਵੀਂ ਦਿੱਲੀ—ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਕਿਹਾ ਕਿ ਬੈਂਕਾਂ ਅਤੇ ਸ਼ੇਅਰਧਾਰਕਾਂ ਨੇ ਕਾਰਗੋ ਅਤੇ ਲੌਜਿਸਟਿਕ ਕੰਪਨੀ ਸਪਾਈਸ ਐਕਸਪ੍ਰੈੱਸ ਨੂੰ ਏਅਰਲਾਈਨ ਤੋਂ ਵੱਖ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਹ ਵੰਡ ਅਗਸਤ ਦੇ ਪਹਿਲੇ ਹਫ਼ਤੇ ਤੱਕ ਮੁਕੰਮਲ ਕਰ ਲਈ ਜਾਵੇਗੀ। ਸਪਾਈਸਜੈੱਟ ਨੇ ਪਿਛਲੇ ਸਾਲ 17 ਅਗਸਤ ਨੂੰ ਕਿਹਾ ਸੀ ਕਿ ਉਹ ਵਿਕਰੀ ਦੇ ਆਧਾਰ 'ਤੇ ਆਪਣੀ ਕਾਰਗੋ ਅਤੇ ਲੌਜਿਸਟਿਕ ਸੇਵਾਵਾਂ ਦੀ ਸਹਾਇਕ ਕੰਪਨੀ ਸਪਾਈਸ ਐਕਸਪ੍ਰੈਸ ਨੂੰ ਵੰਡੇਗੀ।
ਕੰਪਨੀ ਨੇ ਕਿਹਾ ਕਿ ਇਸ ਨਾਲ ਉਸ ਨੂੰ ਸੁਤੰਤਰ ਤੌਰ 'ਤੇ ਫੰਡ ਜੁਟਾਉਣ ਅਤੇ ਤੇਜ਼ੀ ਨਾਲ ਵਿਕਾਸ ਕਰਨ ਵਿੱਚ ਮਦਦ ਮਿਲੇਗੀ। ਸਪਾਈਸਜੈੱਟ ਫਿਲਹਾਲ ਰੈਗੂਲੇਟਰੀ ਜਾਂਚ ਦੇ ਅਧੀਨ ਹੈ। ਪੰਜ ਦਿਨ ਪਹਿਲਾਂ, ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੁਆਰਾ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਕਿਉਂਕਿ 19 ਜੂਨ ਤੋਂ ਇਸ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਦੀਆਂ ਘੱਟੋ-ਘੱਟ ਅੱਠ ਘਟਨਾਵਾਂ ਹੋਈਆਂ ਸਨ।
ਡੀਜੀਸੀਏ ਨੇ ਕਿਹਾ ਕਿ ਏਅਰਲਾਈਨ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ ਸਪਾਈਸਜੈੱਟ ਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਏਅਰਲਾਈਨ ਪਿਛਲੇ ਚਾਰ ਸਾਲਾਂ ਤੋਂ ਘਾਟੇ 'ਚ ਚੱਲ ਰਹੀ ਹੈ। ਇਸ ਨੂੰ 2018-19, 2019-20 ਅਤੇ 2020-21 ਵਿੱਚ ਕ੍ਰਮਵਾਰ 316 ਕਰੋੜ ਰੁਪਏ, 934 ਕਰੋੜ ਰੁਪਏ ਅਤੇ 998 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ।