ਚੰਡੀਗੜ੍ਹ:ਹਿੰਦੂ ਸਮਾਜ ਜਿੱਥੇ ਦੀਵਾਲੀ ਨੂੰ ਆਪਣੀ ਰੌਸ਼ਨੀ ਦਾ ਤਿਉਹਾਰ ਅਤੇ ਸ੍ਰੀ ਰਾਮਚੰਦਰ ਜੀ ਦੇ ਅਯੁੱਧਿਆ ਵਾਪਸ ਪਹੁੰਚਣ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਉੱਥੇ ਦੂਸਰੇ ਪਾਸੇ ਸਿੱਖ ਕੌਮ ਵੱਲੋਂ ਦੀਵਾਲੀ ਦੀ ਵੱਖਰੀ ਹੀ ਮਹੱਤਤਾ ਹੈ, ਕਿਉਂਕਿ ਸਿੱਖ ਕੌਮ ਇਸ ਦਿਨ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸਬੰਧ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੋਇਆ ਹੈ।
ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆਂਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਜਬਰ ਨਾਲ ਨਜਿੱਠਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ।
ਉਨ੍ਹਾਂ ਨੇ 'ਮੀਰੀ' ਤੇ 'ਪੀਰੀ' ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਸਿੱਖਾਂ ਨੂੰ ਘੋੜ ਸਵਾਰੀ ਸਮੇਤ ਯੁੱਧ ਕਲਾ 'ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਵਿੱਚ ਸਿੱਖ ਕੌਮ ਸਬੰਧੀ ਨਿਰਣਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਬਾਬਰ ਦਾ ਜੇਲ੍ਹ ਖ਼ਾਨਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਸੱਚ ਦੇ ਮਾਰਗ ਤੋਂ ਡਗਮਗਾ ਨਹੀਂ ਸਕਿਆ।