ਚੰਡੀਗੜ੍ਹ: ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀ ਦਾਸਤਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜ਼ਿਕਰ ਤੋਂ ਬਿਨ੍ਹਾਂ ਅਧੂਰੀ ਹੈ। ਜਿੰਨ੍ਹਾਂ ਨੇ 23 ਮਾਰਚ 1931 ਨੂੰ 23 ਸਾਲ ਦੀ ਨਿੱਕੀ ਜਿਹੀ ਉਮਰ ਵਿੱਚ ਆਪਣੇ 2 ਸਾਥੀਆਂ ਸੁਖਦੇਵ ਅਤੇ ਰਾਜਗੁਰੂ ਦੇ ਨਾਲ ਹੱਸਦੇ-ਹੱਸਦੇ ਫਾਂਸੀ ਦਾ ਫਾਹਾ ਚੁੰਮ ਲਿਆ ਤੇ ਮੁਲਕ ਲਈ ਕੁਰਬਾਨ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਹਮੇਸ਼ਾ ਲਈ ਅਮਰ ਹੋ ਗਈ। ਭਾਰਤ ਸਰਕਾਰ ਨੇ ਭਾਵੇਂ ਅੱਜ ਤੱਕ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਪਰ ਛੋਟੀ ਉਮਰੇ ਹੀ ਸਰਬਉਚ ਬਲਿਦਾਨ ਦੇ ਕਾਰਨ ਭਗਤ ਸਿੰਘ ਜਨ-ਮਨ 'ਚ ਸ਼ਹੀਦ-ਏ-ਆਜ਼ਮ ਦੇ ਤੌਰ ਤੇ ਯਾਦ ਕੀਤੇ ਜਾਂਦੇ ਹਨ।
28 ਸਤੰਬਰ 1907 ਵਿੱਚ ਲਾਇਲਪੁਰ ਵਿਖੇ ਹੋਇਆ ਸੀ ਭਗਤ ਸਿੰਘ ਦਾ ਜਨਮ:ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਲਾਇਲਪੁਰ ਵਿਖੇ ਹੋਇਆ ਸੀ। ਸਿਆਸੀ ਤੌਰ 'ਤੇ ਸਰਗਰਮ ਪਰਿਵਾਰ 'ਚ ਜੰਮੇ ਭਗਤ ਸਿੰਘ ਨੂੰ ਦੇਸ਼ ਭਗਤੀ ਗੁੜ੍ਹਤੀ 'ਚ ਮਿਲੀ ਸੀ। ਉਨ੍ਹਾਂ ਦੇ ਦਾਦਾ ਅਰਜਨ ਸਿੰਘ ਹਿੰਦੂ ਸੁਧਾਰਵਾਦੀ ਲਹਿਰ ਆਰੀਆ ਸਮਾਜ ਨਾਲ ਜੁੜੇ ਹੋਏ ਸੀ। ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਤੇ ਚਾਚਾ ਸ. ਅਜੀਤ ਸਿੰਘ ਭਾਰਤ ਦੀ ਸੁਤੰਤਰਤਾ ਸੰਗਰਾਮ ਲਈ ਸਰਗਰਮ ਗ਼ਦਰ ਪਾਰਟੀ ਦੇ ਮੈਂਬਰ ਸਨ।
ਭਗਤ ਸਿੰਘ ਕਿਵੇਂ ਬਣੇ ਆਜ਼ਾਦੀ ਘੁਲਾਟੀਏ:ਭਗਤ ਸਿੰਘ ਬਾਰੇ ਅਜੋਕੀ ਪੀੜੀ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਭਗਤ ਸਿੰਘ ਕਿਵੇਂ ਇੱਕ ਅਜਿਹੇ ਆਜ਼ਾਦੀ ਘੁਲਾਟਿਏ ਬਣੇ ਜਿਸਨੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਦੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਆ ਅਤੇ ਅੱਜ ਵੀ ਉਨ੍ਹਾਂ ਦੇ ਵਿਚਾਰ ਪੂਰੀ ਤਰ੍ਹਾਂ ਸਾਰਥਕ ਹਨ।
ਭਗਤ ਸਿੰਘ ਨੂੰ 3 ਗੱਲਾਂ ਨੇ ਆਜ਼ਾਦੀ ਦੀ ਰਾਹ 'ਤੇ ਚੱਲਣ ਲਈ ਪ੍ਰੇਰਿਆ:ਪਹਿਲੀ ਗੱਲ ਸੀ ਜਲ੍ਹਿਆਂਵਾਲਾ ਬਾਗ ਦਾ ਕਤਲਕਾਂਡ, ਜਿਸ 'ਚ ਹਜਾਰਾਂ ਨਿਹੱਥੇ ਲੋਕ ਮਾਰੇ ਗਏ ਸਨ। 12 ਸਾਲ ਦੀ ਉਮਰ 'ਚ ਭਗਤ ਸਿੰਘ ਆਪ ਉਥੇ ਜਾ ਕੇ ਉਥੋਂ ਦੀ ਮਿੱਟੀ ਲੈ ਕੇ ਆਏ ਸੀ।ਦੂਜੀ ਗਦਰ ਲਹਿਰ ਦੇ ਸਰਗਰਮ ਆਗੂ ਕਰਤਾਰ ਸਿੰਘ ਸਰਾਭਾ ਤੋਂ ਭਗਤ ਸਿੰਘ ਕਾਫੀ ਪ੍ਰਭਾਵਿਤ ਹੋਏ ਕਿ ਕਿਵੇਂ ਇਕ 19 ਸਾਲਾਂ ਨੌਜਵਾਨ ਦੇਸ਼ ਵਿਦੇਸ਼ ਘੁੰਮਣ ਦੇ ਬਾਵਜੂਦ ਆਪਣੇ ਮੁਲਕ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਅਤੇ ਤੀਜੀ ਅਤੇ ਸਭ ਤੋਂ ਅਹਿਮ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲੀ।
ਭਗਤ ਸਿੰਘ ਸ਼ੁਰੂ ਤੋਂ ਹੀ ਸਨ ਕਿਤਾਬਾਂ ਪੜ੍ਹਣ ਦੇ ਸ਼ੌਕੀਨ:ਭਗਤ ਸਿੰਘ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਣ ਦੇ ਸ਼ੌਕੀਨ ਸਨ ਅਤੇ ਆਜ਼ਾਦੀ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ, ਇਹ ਉਨ੍ਹਾਂ ਨੇ ਕਿਤਾਬਾਂ ਤੋਂ ਹੀ ਸਿੱਖਿਆ ਸੀ। 1921 'ਚ ਆਇਰਲੈਂਡ ਦੇ ਡੀ ਵਲੈਰਾ ਨੇ ਦੇਸ਼ ਭਗਤਾਂ ਦੀ ਮਦਦ ਨਾਲ Dominion status ਹਾਸਿਲ ਕਰ ਲਿਆ। ਭਗਤ ਸਿੰਘ ਨੇ ਜਿਹੜੀ ਪਹਿਲੀ ਕਿਤਾਬ translate ਕੀਤੀ ਉਸਦਾ ਨਾਮ ਸੀ 'MY FIGHT FOR IRISH FREEDOM by DAN BREEN' । ਉਨ੍ਹਾਂ ਨੇ ਇਸ ਕਿਤਾਬ ਦਾ ਤਰਜ਼ਮਾ ਹਿੰਦੀ 'ਚ ਕੀਤਾ ਤਾਂ ਕਿ ਹਰ ਕੋਈ ਇਸ ਕਿਤਾਬ ਨੂੰ ਪੜ੍ਹ ਕੇ ਇਸ ਤੋਂ ਸੇਧ ਲੈ ਸਕੇ। ਉਨ੍ਹਾਂ ਨੇ ਆਪ ਵੀ ਇਸ ਕਿਤਾਬ ਤੋਂ ਬਹੁਤ ਕੁਝ ਸਿਖਿਆ ਸੀ। ਭਗਤ ਸਿੰਘ ਹੁਰਾਂ ਦਾ ਮੰਨਣਾ ਸੀ ਕਿ ਸਰੀਰ ਨੂੰ ਮਾਰਿਆ ਜਾ ਸਕਦਾ ਹੈ ਪਰ ਵਿਚਾਰਾਂ ਨੂੰ ਨਹੀਂ, ਕਿਉਂਕਿ ਵਿਚਾਰ ਅਮਰ ਹੋ ਜਾਂਦੇ ਹਨ।
ਭਗਤ ਸਿੰਘ ਨੇ ਸਮਰਾਜਵਾਦ ਮੁਰਦਾਬਾਦ ਇੰਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ:ਇਸ ਲਈ ਉਨ੍ਹਾਂ ਨੇ ਜਨ-ਜਨ ਲਈ ਇੱਕ ਨਾਅਰਾ ਲਗਾਇਆ, ਸਮਰਾਜਵਾਦ ਮੁਰਦਾਬਾਦ ਇੰਕਲਾਬ ਜ਼ਿੰਦਾਬਾਦ (Down with Imperialism and LONG LIVE REVOLUTION) ਸਮਰਾਜਵਾਦ ਦੀ ਸਹੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿਦੇਸ਼ੀ ਤਾਕਤਾਂ ਲੋਕਾਂ ਨੂੰ ਲੁੱਟਦੀਆਂ ਹਨ। ਉਨ੍ਹਾਂ ਚਿਰ ਲੋਕਾਂ ਦੀ ਜ਼ਿੰਦਗੀ 'ਚ ਸੁਖਾਵਾਂ ਮਾਹੌਲ ਨਹੀਂ ਹੋ ਸਕਦਾ। ਭਗਤ ਸਿੰਘ ਇੰਕਲਾਬ ਨੂੰ ਲੈ ਕੇ ਬਹੁਤ ਵਧੀਆ ਗੱਲ ਲਿਖਦੇ ਸਨ।
ਭਗਤ ਸਿੰਘ ਦੀ ਜ਼ਿੰਦਗੀ ਦੀਆਂ 2 ਅਹਿਮ ਘਟਨਾਵਾਂ ਜਿਨ੍ਹਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ, ਉਹ ਸਨ
- ਸਾਂਡਰਸ ਦਾ ਕਤਲ
- ਅਸੈਂਬਲੀ ਬੰਬ ਕਾਂਡਸਾਲ
1928 'ਚ ਭਾਰਤ ਵਿੱਚ ਸੰਵਿਧਾਨਿਕ ਸੁਧਾਰਾਂ ਯਾਨਿ ਕਿ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਲਈ ਬਣਾਈਆਂ ਯੋਜਨਾਵਾਂ 'ਚ ਸੇਧ ਦੀ ਸਮੀਖਿਆ ਕਰਨ ਲਈ ਇੱਕ 7 ਮੈਂਬਰੀ ਪੈਨਲ ਭਾਰਤ ਆਇਆ। ਜਿਸਦਾ ਨਾਂਅ ਸੀ ਸਾਈਮਨ ਕਮਿਸ਼ਨ (Simon Commission) ਪੂਰੇ ਭਾਰਤ ਵਿੱਚ ਇਸਦਾ ਵਿਰੋਧ ਹੋਇਆ ਕਿਉਂਕਿ ਇਸ ਪੈਨਲ 'ਚ ਇੱਕ ਵੀ ਭਾਰਤੀ ਨਹੀ ਸੀ।