ਚੰਡੀਗੜ੍ਹ: ਜਦੋਂ ਧਰਮ ਦੇ ਨਾਮ ਤੇ ਮਰ ਮਿਟਣ ਦੀ ਗੱਲ ਆਉਂਦੀ ਹੈ ਤਾਂ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਬੜੇ ਅਦਬ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ। ਧਰਮ ਦੇ ਨਾਮ ‘ਤੇ ਉਨ੍ਹਾਂ ਨੇ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ ਸੀ ਤੇ ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਿੰਘ ਦੇ ਪੰਜਵੇਂ ਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜ਼ਿਲਾ ਜਲੰਧਰ ਵਿਖੇ ਚਲੇ ਗਏ। ਅੱਠਵੇਂ ਗੁਰੂ ਸ੍ਰੀ ਹਰਿ ਕ੍ਰਿਸ਼ਨ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੱਦੀ ਮਿਲੀ ਸੀ।
ਜੰਗ ‘ਚ ਬਹਾਦਰੀ ਕਾਰਨ ਪਿਆ ਤੇਗ ਬਹਾਦਰ ਨਾਂ:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। ਸਿਰਫ਼ ਚੌਦਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮੁਗਲਾਂ ਵਿਰੁੱਧ ਲੜਾਈ ਵਿੱਚ ਆਪਣੇ ਪਿਤਾ ਨਾਲ ਬਹਾਦਰੀ ਦਿਖਾਈ ਸੀ। ਉਨ੍ਹਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ ਸੀ। ਸ੍ਰੀ ਗੁਰੂ ਤੇਗ ਬਹਾਦਰ ਨੇ ਸਿੱਖ ਮਨੁੱਖਤਾ ਲਈ ਵੱਡੀ ਸ਼ਹਾਦਤ ਦਿੱਤੀ ਤੇ ਹਿੰਦ ਲਈ ਆਪਣਾ ਜੀਵਨ ਵਾਰ ਦਿੱਤਾ।
ਹਿੰਦ ਲਈ ਦਿੱਤੀ ਸ਼ਹਾਦਤ:ਇਤਿਹਾਸਕ ਮਿੱਥਾਂ ਮੁਤਾਬਕ ਔਰੰਗਜੇਬ ਉਸ ਵੇਲੇ ਰੋਜਾਨਾ ਸਵਾ ਮਣ ਜਨੇਊ ਲੁਹਾ ਕੇ ਸੌਂਦਾ ਸੀ। ਹਿੰਦੂਆਂ ਨੂੰ ਜਬਰੀ ਮੁਸਲਮਾਨ ਧਰਮ ਵਿੱਚ ਸ਼ਾਮਲ ਕਰਵਾਇਆ ਜਾਂਦਾ ਸੀ ਤੇ ਹਿੰਦੂ ਧਰਮ ਦੀਆਂ ਔਰਤਾਂ ਤੇ ਬੱਚੀਆਂ ਦੀ ਪੱਤ ਮਹਿਫੂਜ ਨਹੀਂ ਸੀ। ਅਜਿਹੇ ਜੁਲਮ ਕਾਰਨ ਕਸ਼ਮੀਰੀ ਪੰਡਤਾਂ ਨੇ ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੁਲਮ ਤੋਂ ਬਚਾਇਆ ਜਾਵੇ, ਕਿਉਂਕਿ ਔਰੰਗਜੇਬ ਨੇ ਕਿਹਾ ਹੈ ਕਿ ਜੇਕਰ ਉਹ ਸਾਰੇ ਇਸਲਾਮ ਨਹੀਂ ਅਪਣਾਉਂਦੇ ਤਾਂ ਉਹ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ।
ਇਸ ‘ਤੇ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਔਰੰਗਜੇਬ ਨੂੰ ਕਹਿ ਦੇਣ ਕਿ ਜੇਕਰ ਉਹ ਤੇਗ ਬਹਾਦਰ ਕੋਲੋਂ ਇਸਲਾਮ ਕਬੂਲ ਕਰਵਾ ਲੈਂਦਾ ਹੈ ਤਾਂ ਪੰਡਤ ਵੀ ਇਸਲਾਮ ਕਬੂਲ ਕਰ ਲੈਣਗੇ। ਔਰੰਗਜੇਬ ਇਸ ਸੁਨੇਹੇ ਤੋਂ ਖੁਸ਼ ਹੋਇਆ ਕਿ ਇੱਕ ਵਿਅਕਤੀ ਨੂੰ ਮਨਾ ਕੇ 1000 ਪੰਡਤ ਮੁਸਲਮਾਨ ਬਣ ਜਾਣਗੇ, ਪਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਨੇ ਇਸਲਾਮ ਕਬੂਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਪਰ ਉਨ੍ਹਾਂ ਨੇ ਮੂੰਹੋਂ ਸੀਅ ਨਾ ਉਚਾਰੀ।