ਨਵੀਂ ਦਿੱਲੀ: ਫਰੀਦਕੋਟ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਗੁਰਲਾਲ ਸਿੰਘ ਦੀ ਮੌਤ ਦੀ ਸਾਜਿਸ਼ ਕੈਨੇਡਾ ਵਿੱਚ ਰਚੀ ਗਈ ਸੀ। ਇਸਤੋਂ ਪਹਿਲਾਂ ਮਾਮਲੇ ’ਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਫਰੀਦਕੋਟ ’ਚ ਜੁਬਲੀ ਸਿਨੇਮਾ ਚੌਂਕ ਨੇੜੇ ਸ਼ਾਮ ਕਰੀਬ ਪੰਜ ਵਜੇ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਗੋਲੇਵਾਲਾ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਗੁਰਲਾਲ ਸਿੰਘ ਪਹਿਲਵਾਨ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਤੁਰੰਤ ਬਾਅਦ ਹੀ ਸਪੈਸ਼ਲ ਸੈੱਲ ਦੀ ਟੀਮ ਇਸ ਪੂਰੇ ਮਾਮਲੇਂ ਦੀ ਜਾਂਚ ’ਚ ਜੁੱਟੀ ਹੋਈ ਸੀ।
ਐਤਵਾਰ ਨੂੰ ਦਿੱਲੀ ਪੁਲਿਸ ਡੀਸੀਪੀ ਸਪੈਸ਼ਲ ਸੈਲ ਮਨੀਸ਼ ਚੰਦਰਾ ਨੇ ਦੱਸਿਆ ਕਿ ਗੁਰਲਾਲ ਦੀ ਮੌਤ ਦੀ ਯੋਜਨਾ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਰਚੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਗੋਲਡੀ ਹਿਸਟਰੀ ਸ਼ੀਟਰ ਹੈ।
ਲਾਰੇਂਸ ਬਿਸ਼ਨੋਈ ਗਰੁੱਪ ਨਾਲ ਹੈ ਕਾਤਲਾਂ ਦਾ ਸਬੰਧ
ਸਪੈਸ਼ਲ ਸੈੱਲ ਦੁਆਰਾ ਫੜ੍ਹੇ ਗਏ ਤਿੰਨ ਆਰੋਪੀਆਂ ਦੇ ਨਾਲ ਗੁਰਿੰਦਰ ਪਾਲ ਗੋਰਾ (ਮੁੱਖ ਸਾਜਿਸ਼ਕਰਤਾ), ਸੁਖਵਿੰਦਰ ਅਤੇ ਸੌਰਭ ਹਨ। ਇਹ ਤਿੰਨੇ ਫਰੀਦਕੋਟ ਦੇ ਰਹਿਣ ਵਾਲੇ ਹਨ ਅਤੇ ਲਾਰੇਂਸ ਬਿਸ਼ਨੋਈ ਗਰੁੱਪ ਦੇ ਸਰਗਰਮ ਮੈਂਬਰ ਹਨ। ਗੁਰਿੰਦਰ ਪਾਲ ਕੈਨੇਡਾ ਸਥਿਤ ਲਾਰੇਂਸ ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ਅਤੇ ਉਸਦੇ ਚਚੇਰੇ ਭਰਾ ਗੁਰਲਾਲ ਬਰਾੜ (ਜਿਸਦੀ ਨਵੰਬਰ 2020 ’ਚ ਹੱਤਿਆ ਕਰ ਦਿੱਤੀ ਗਈ ਸੀ) ਦਾ ਭਨੋਈਆ ਹੈ।
ਵੀਰਵਾਰ ਨੂੰ ਹੋਈ ਸੀ ਹੱਤਿਆ
ਗੌਰਤਲੱਬ ਹੈ ਕਿ ਵੀਰਵਾਰ ਸ਼ਾਮ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਫਰੀਦਕੋਟ ਦੇ ਜੁਬਲੀ ਚੌਂਕ ’ਤੇ ਕਾਂਗਰਸੀ ਲੀਡਰ ਗੁਰਲਾਲ ਸਿੰਘ ’ਤੇ ਕਈ ਰਾਊਂਡ ਫਾਇਰ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਨੇੜੇ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਗੁਰਲਾਲ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਸਨ, ਹੱਤਿਆ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰਾਂ ਨੇ ਕਾਫ਼ੀ ਤੇਜੀ ਦਿਖਾਈ ਅਤੇ ਮਹਿਜ ਸੱਤ ਸੈਕਿੰਡਾਂ ’ਚ ਗੁਰਲਾਲ ਪਹਿਲਵਾਨ ’ਤੇ ਦੋ ਪਿਸਤੌਲਾਂ ਰਾਹੀਂ 11 ਗੋਲੀਆਂ ਦਾਗੀਆਂ, ਜਿਨ੍ਹਾਂ ’ਚੋ 6 ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।