ਮੁੰਬਈ :ਬੀਤੇ ਦਿਨ ਅਜੀਤ ਪਵਾਰ ਵੱਲੋਂ ਪਾਰਟੀ ਬਦਲਦਿਆਂ ਹੀ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹਲਚਲ ਮਚੀ ਹੋਈ ਹੈ। ਇਸ ਦੌਰਾਨ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਪ੍ਰਤਿਕਰਮ ਵੀ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀਰਵਾਰ ਨੂੰ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ, ਜਿੰਨਾ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਧੜੇ ਦੇ ਕਈ ਵਿਧਾਇਕ ਅਜੀਤ ਪਵਾਰ ਦੀ ਸਰਕਾਰ ਵਿੱਚ ਐਂਟਰੀ ਤੋਂ ਨਾਰਾਜ਼ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਅਸਤੀਫੇ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਉਥੇ ਹੀ ਦੂਜੇ ਪਾਸੇ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਵਿਰੋਧੀ ਸ਼ਿਵ ਸੈਨਾ ਦੇ 17-18 ਵਿਧਾਇਕ ਐਨਸੀਪੀ ਨੇਤਾ ਅਜੀਤ ਪਵਾਰ ਦੇ ਰਾਜ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੋਂ ਉਨ੍ਹਾਂ ਦੀ ਪਾਰਟੀ ਦੇ ਸੰਪਰਕ ਵਿੱਚ ਸਨ।
ਵਿਨਾਇਕ ਰਾਉਤ ਨੇ ਕੀਤੇ ਦਾਅਵੇ :ਰਾਉਤ ਦੇ ਸਹਿਯੋਗੀ ਅਤੇ ਪਾਰਟੀ ਦੇ ਲੋਕ ਸਭਾ ਮੈਂਬਰ ਵਿਨਾਇਕ ਰਾਉਤ ਨੇ ਕਿਹਾ ਕਿ ਐੱਨਸੀਪੀ ਦੇ ਬਾਗੀ ਵਿਧਾਇਕਾਂ ਨੂੰ ਮੰਤਰੀ ਬਣਾਏ ਜਾਣ ਤੋਂ ਬਾਅਦ ਸ਼ਿੰਦੇ ਧੜੇ ਦੇ ਵਿਧਾਇਕਾਂ ਨੇ “ਬਗਾਵਤ” ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਵਿਧਾਇਕਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ "ਮਾਤੋਸ਼੍ਰੀ" (ਉਧਵ ਠਾਕਰੇ ਦੀ ਰਿਹਾਇਸ਼ ਦਾ ਨਾਮ) ਉਨ੍ਹਾਂ ਕੋਲ ਆਉਂਦੇ ਹਨ ਤਾਂ ਉਹ ਹਾਂ-ਪੱਖੀ ਜਵਾਬ ਦੇਣਗੇ। ਵਿਨਾਇਕ ਰਾਉਤ ਨੇ ਕਿਸੇ ਨਾਂ ਦਾ ਖੁਲਾਸਾ ਕੀਤੇ ਬਿਨਾਂ ਦਾਅਵਾ ਕੀਤਾ ਕਿ ਜਿਹੜੇ ਲੋਕ ਮੰਤਰੀ ਬਣਨਾ ਚਾਹੁੰਦੇ ਸਨ ਪਰ ਨਹੀਂ ਬਣ ਸਕੇ ਜਾਂ ਅਗਲੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਮੰਤਰੀ ਅਹੁਦੇ ਤੋਂ ਹੱਥ ਧੋ ਸਕਦੇ ਹਨ, ਉਹ ਸਾਡੇ ਸੰਪਰਕ ਵਿੱਚ ਹਨ।
ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਇੱਕ ਵੱਡਾ ਸਮੂਹ :ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ਮੇਰੇ ਨਾਲ ਤਿੰਨ-ਚਾਰ ਵਿਧਾਇਕਾਂ ਨੇ ਗੱਲਬਾਤ ਕੀਤੀ। ਸੰਜੇ ਰਾਉਤ ਨੇ ਇਹ ਵੀ ਕਿਹਾ ਕਿ ਸਰਕਾਰ ਕੋਲ ਬਹੁਮਤ ਹੈ ਅਤੇ ਫਿਰ ਵੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਇੱਕ ਵੱਡਾ ਸਮੂਹ ਇਸ ਵਿੱਚ ਸ਼ਾਮਲ ਹੋਇਆ ਹੈ। ਇਸ ਦਾ ਮਤਲਬ ਹੈ ਕਿ ਸ਼ਿੰਦੇ ਦੀ ਅਗਵਾਈ ਵਾਲੀ ਸੈਨਾ ਦੀ ਹੁਣ ਕੋਈ ਲੋੜ ਨਹੀਂ ਹੈ,ਉਸਨੇ ਕਿਹਾ ਕਿ ਅਜੀਤ ਪਵਾਰ ਅਤੇ ਅੱਠ ਹੋਰ ਐਨਸੀਪੀ ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ,ਪਰ ਸ਼ਿੰਦੇ ਦੇ ਸਮੂਹ ਵਿੱਚੋਂ ਕਿਸੇ ਨੂੰ ਵੀ ਸਹੁੰ ਨਹੀਂ ਚੁਕਾਈ ਗਈ ਸੀ।